ਚੰਡੀਗੜ੍ਹ: ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਪੰਥਕ ਮਸਲਿਆਂ ਦੀ ਕਮਾਨ ਆਪ ਸੰਭਾਲੀ ਹੈ। ਉਨ੍ਹਾਂ ਵੱਲੋਂ ਨਾਮਜ਼ਦ ਪੰਜ ਮੈਂਬਰੀ ਕਮੇਟੀ ਨੇ ਪੰਥਕ ਮਸਲਿਆਂ ਦੇ ਹੱਲ ਲਈ 21 ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਕਮੇਟੀ ਮੈਂਬਰਾਂ ਨੇ ਬਰਗਾੜੀ ਇਨਸਾਫ਼ ਮੋਰਚੇ ਦੀ ਅਗਲੀ ਰਣਨੀਤੀ ਤਿਆਰ ਕਰਨ, ਪੰਥ ਨੂੰ ਦਰਪੇਸ਼ ਮਸਲਿਆਂ ਦੇ ਹੱਲ, 27 ਜਨਵਰੀ ਦੇ ਫ਼ੈਸਲਿਆਂ ਨੂੰ ਅਮਲੀ ਰੂਪ ਦੇਣ ਤੇ ਕੈਪਟਨ ਸਰਕਾਰ ’ਤੇ ਸਿੱਟ ਦੀ ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਅਪਣਾਈ ਢਿੱਲੀ ਤੇ ਰਾਹਤ ਦੇਣ ਵਾਲੀ ਨੀਤੀ ਬਾਰੇ ਵਿਚਾਰਾਂ ਕੀਤੀਆਂ ਗਈਆਂ ਤੇ ਪੰਥਕ ਪੈਂਤੜਾ ਉਲੀਕਿਆ ਗਿਆ। ਇਸ ਮੌਕੇ 31 ਮਾਰਚ ਨੂੰ ਪਟਿਆਲਾ ਜੇਲ੍ਹ ਅੱਗੇ ਦਿੱਤੇ ਜਾਣ ਵਾਲੇ ਧਰਨੇ ਨੂੰ ਇਸ ਦਿਨ ਸ਼ਹੀਦ ਭਾਈ ਸਤਵੰਤ ਸਿੰਘ ਦੀ ਯਾਦ ਵਿੱਚ ਉਸਾਰੇ ਜਾ ਰਹੇ ਦੀਵਾਨ ਹਾਲ ਦਾ ਨੀਂਹ ਪੱਥਰ ਰੱਖੇ ਜਾਣ ਕਾਰਨ ਮੁਲਤਵੀ ਕਰਕੇ 7 ਅਪਰੈਲ ਨੂੰ ਦੇਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ 100 ਹੋਣਹਾਰ ਬੱਚਿਆਂ ਨੂੰ ਪੰਥ ਦੀ ਸਰਪ੍ਰਸਤੀ ਹੇਠ ਮਿਆਰੀ ਤੇ ਉਚੇਰੀ ਵਿਦਿਆ ਦੇਣ ਲਈ ਵਿਦਿਅਕ ਮਾਹਿਰਾਂ ਦੀ ਚੋਣ ਕਮੇਟੀ ਬਣਾਈ ਗਈ ਜੋ ਇਸੇ ਸਕੂਲ ਸੈਸ਼ਨ ਤੋਂ ਸਾਰਾ ਕਾਰਜ ਆਰੰਭ ਦੇਵੇਗੀ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ 21 ਮੈਂਬਰੀ ਕਮੇਟੀ ਛੇਤੀ ਤੋਂ ਛੇਤੀ ਜ਼ਿਲ੍ਹਾ ਪੱਧਰੀ ਕਮੇਟੀਆਂ ਸਥਾਪਤ ਕਰੇਗੀ। ਹਰਿਆਣਾ ਦੇ ਪਿੰਡ ਬਦਸੂਈ ਵਿਚ ਬੀਤੇ ਦਿਨੀਂ ਹੋਈ ਗੁਰਦੁਆਰਾ ਸਾਹਿਬ ਦੀ ਬੇਅਦਬੀ ਤੇ ਕਤਲ ਕਾਂਡ ਦੀ 21 ਮੈਂਬਰੀ ਕਮੇਟੀ ਪਰਿਵਾਰ ਦੀ ਸਲਾਹ ਨਾਲ ਪੈਰਵੀ ਕਰੇਗੀ।