ਅਨੰਦਪੁਰ ਸਾਹਿਬ: ਖਾਲਸਾ ਪੰਥ ਦੇ ਪ੍ਰਗਟ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਬਹੁਤ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ। ਅੱਜ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਵੱਡੀ ਗਿਣਤੀ ਚ ਟਰੈਕਟਰ ਟਰਾਲੀਆਂ 'ਤੇ ਸਵਾਰ ਹੋ ਗੁਰੂ ਦਰਬਾਰ 'ਚ ਪਹੁੰਚੀਆਂ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਈਆਂ। ਤਖਤ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿੱਥੇ ਪੰਥ ਦੀਆਂ ਮਹਾਨ ਸਖਸੀਅਤਾਂ ਨੇ ਸ਼ਿਰਕਤ ਕੀਤੀ।



ਗੌਰਤਲਬ ਹੈ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਹੀ ਉਹ ਪਾਵਨ ਅਸਥਾਨ ਹੈ ਜਿੱਥੇ 1699 ਈ ਦੀ ਵਿਸਾਖੀ ਨੂੰ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਖੁਦ ਉਨ੍ਹਾਂ ਪਾਸੋਂ ਅੰਮ੍ਰਿਤ ਛੱਕ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ ਸਨ। ਹਰ ਸਾਲ ਇਸ ਪਾਵਨ ਦਿਹਾੜੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਤਖਤ ਸਾਹਿਬ ਨੂੰ ਬਹੁਤ ਸੁੰਦਰ ਤਰੀਕੇ ਨਾਲ ਸ਼ਿੰਗਾਰਿਆ ਤੇ ਰੁਸ਼ਨਾਇਆ ਜਾਂਦਾ ਹੈ।

ਦੇਸ਼ ਵਿਦੇਸ਼ 'ਚ ਮਨਾਏ ਜਾਂਦੇ ਇਸ ਪਾਵਨ ਤਿਉਹਾਰ ਮੌਕੇ ਜਿੱਥੇ ਸੰਗਤਾ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਦੀਆਂ ਹਨ, ਉੱਥੇ ਸਿੱਖ ਇਤਿਹਾਸ ਪਾਸੋਂ ਵੀ ਜਾਣੂ ਹੁੰਦੀਆਂ ਹਨ। ਪੰਥ ਦੀ ਮਹਾਨ ਸਖਸ਼ੀਅਤ ਨਿਹੰਗ ਸਿੰਘ ਦਲ ਮਿਸਲ ਹਰੀਆਂ ਵੇਲਾ ਦੇ ਮੁੱਖੀ ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਨੇ Abp sanjha ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਦਸਮ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਸਿੱਖਾਂ ਨੂੰ ਜੋ ਪੰਜ ਕਕਾਰ ਬਖ਼ਸ਼ੇ ਸਨ, ਉਨ੍ਹਾਂ ਪੰਜਾਂ ਦੀ ਆਪੋ ਅਪਣੀ ਮਹਾਨਤਾ ਸੀ ਪਰ ਅੱਜ ਗੁਰੂ ਦਾ ਸਿੱਖ ਗੁਰੂ ਦੇ ਦੱਸੇ ਮਾਰਗ ਤੋਂ ਕੋਹਾਂ ਦੂਰ ਜਾ ਰਿਹਾ ਹੈ ਤਦ ਹੀ ਅਜਿਹੀਆ ਨੌਬਤਾਂ ਆ ਰਹੀਆਂ ਹਨ ਜਿਸ ਦਿਨ ਗੁਰੂ ਕਾ ਸਿੱਖ ਨਿਤਨੇਮ ਚ ਪੱਕਾ ਹੋ ਗਿਆ ਉਸ ਦਿਨ ਦੁਨੀਆ ਦੀ ਕੋਈ ਤਾਕਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ।

ਬੀਬੀ ਯਸ਼ਪਾਲ ਕੌਰ ਨੇ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਨੂੰ ਦਰਸਾਉਂਦੇ ਹੋਏ ਵਿਸ਼ੇਸ਼ ਤੌਰ ਤੇ ਮਾਤਾ ਸਾਹਿਬ ਕੌਰ ਜੀ ਦਾ ਵੀ ਜ਼ਿਕਰ ਕੀਤਾ ਤੇ ਸਿੰਘਾਂ ਦੇ ਨਾਲ ਸਿੰਘਣੀਆਂ ਦੇ ਯੋਗਦਾਨ ਤੇ ਵੀ ਚਾਨਣ ਪਾਇਆ। ਗੌਰਤਲਬ ਹੈ ਕਿ ਇਨ੍ਹਾਂ ਮਹਾਨ ਸਮਾਗਮਾਂ ਦੀ ਸਮਾਪਤੀ 15 ਅਪ੍ਰੈਲ ਨੂੰ ਹੋਵੇਗੀ। ਅੱਜ ਰਾਤ ਜਿੱਥੇ ਗੁਰਮਤਿ ਸਮਾਗਮ ਹੋਣਗੇ ਉੱਥੇ ਦਸਮ ਪਾਤਸ਼ਾਹ ਦੇ ਸ਼ਸ਼ਤਰਾਂ ਦੇ ਵੀ ਵਿਸ਼ੇਸ਼ ਤੌਰ ਤੇ ਦਰਸ਼ਨ ਕਰਵਾਏ ਜਾਣਗੇ ਜਿਨ੍ਹਾਂ 'ਚ ਉਹ ਪਾਵਨ ਖੰਡਾ ਵੀ ਮੌਜੂਦ ਹੈ ਜਿਸ ਨਾਲ ਪਹਿਲੀ ਵਾਰ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ।