ਪਟਨਾ: ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੀ ਅੱਜ ਅੰਮ੍ਰਿਤ ਵੇਲੇ ਸੰਪੂਰਨਤਾ ਹੋਈ। ਦੋ ਵਜੇ ਦੇ ਕਰੀਬ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਫੁੱਲਾਂ ਦੀ ਵਰਖਾ ਹੋਈ ਤੇ ਤਖਤ ਸਾਹਿਬ ਤੇ ਅਲੌਕਿਕ ਮਾਹੌਲ ਸਿਰਜਿਆ ਗਿਆ।


ਗੌਰਤਲਬ ਹੈ ਕਿ ਤਖਤ ਸਾਹਿਬ ਦੀ ਚੱਲੀ ਆ ਰਹੀ ਮਰਿਆਦਾ ਅਨੁਸਾਰ ਹਰ ਸਾਲ ਪ੍ਰਕਾਸ਼ ਪੁਰਬ ਦੀ ਰਾਤ ਵੱਡੀ ਗਿਣਤੀ 'ਚ ਸੰਗਤ ਮਹਾਨ ਅਸਥਾਨ 'ਤੇ ਇਕੱਤਰ ਹੁੰਦੀ ਹੈ। ਦੀਵਾਨ ਦੀ ਸਮਾਪਤੀ ਤੋਂ ਬਾਅਦ 1 ਵਜੇ ਦੇ ਕਰੀਬ ਨੌਂਵੇਂ ਮਹੱਲੇ ਦੇ ਸਲੋਕ ਅਰੰਭ ਹੁੰਦੇ ਹਨ ਜਿਸ ਦੀ ਸਮਾਪਤੀ ਤੋਂ ਬਾਅਦ ਦਸਮ ਪਾਤਸ਼ਾਹ ਦੀ ਜਨਮਗਾਥਾ ਦਾ ਕੀਰਤਨ ਕੀਤਾ ਜਾਂਦਾ ਹੈ। ਇਸ ਦੀ ਸਮਾਪਤੀ ਤੋਂ ਬਾਅਦ ਤਖਤ ਸਾਹਿਬ ਵਿਖੇ ਆਰਤੀ ਹੁੰਦੀ ਹੈ ਤੇ ਸੰਗਤ ਵੱਲੋਂ ਗੁਰੂ ਸਾਹਿਬ ਦੇ ਮਹਾਨ ਦਰਬਾਰ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਜਿਸ ਨਾਲ ਕ ਅਨੰਦਮਈ ਮਾਹੌਲ ਸਿਰਜਦਾ ਹੈ।



ਅੰਤਾਂ ਦੀ ਠੰਢ ਹੋਣ ਦੇ ਬਾਵਜੂਦ ਵੀ ਸੰਗਤ ਦਾ ਠਾਠਾਂ ਮਾਰਦਾ ਸੈਲਾਬ ਵੇਖਿਆਂ ਹੀ ਬਣਦਾ ਸੀ। ਇਸ ਮਹਾਨ ਸਮਾਗਮ ਵਿੱਚ ਜਿੱਥੇ ਪੰਥ ਦੀਆਂ ਮਹਾਨ ਸਖਸ਼ੀਅਤਾਂ ਨੇ ਹਾਜ਼ਰੀ ਭਰੀ, ਉੱਥੇ ਸਮੁੱਚੀਆਂ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੇ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਪਣੀ ਹਾਜ਼ਰੀ ਲਵਾਈ।


ਉਧਰ ਬਿਹਾਰ ਦੇ ਰਾਜਗੀਰ 'ਚ ਸਥਿਤ ਗੁਰਦੁਆਰਾ ਸ਼ੀਤਲ ਕੁੰਡ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਮੀਟਿੰਗ ਹੋਈ ਜਿੱਥੇ ਇਤਿਹਾਸਿਕ ਅਸਥਾਨ 'ਤੇ ਬਣ ਰਹੀ ਨਵੀਂ ਇਮਾਰਤ ਦਾ ਜਾਇਜ਼ਾ ਲਿਆ ਗਿਆ।


ਬਿਹਾਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ 'ਤੇ ਅਰੰਭ ਕੀਤੇ ਪ੍ਰਜੈਕਟ ਇਸ ਸਾਲ ਗੁਰਪੁਰਬ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ