ਨਵੀਂ ਦਿੱਲੀ: ਅਯੁੱਧਿਆ ’ਚ ਭਗਵਾਨ ਸ਼੍ਰੀਰਾਮ ਦਾ ਵਿਸ਼ਾਲ ਮੰਦਰ ਬਣਾਉਣ ਲਈ 44 ਦਿਨਾਂ ਤੱਕ ਚੱਲੀ ਚੰਦਾ ਇਕੱਠਾ ਕਰਨ ਦੀ ਮੁਹਿੰਮ ਕੱਲ੍ਹ ਸਨਿੱਚਰਵਾਰ 27 ਫ਼ਰਵਰੀ ਨੂੰ ਮੁਕੰਮਲ ਹੋ ਗਈ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟ੍ਰੱਸਟ ਦੇ ਖ਼ਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਅਨੁਸਾਰ ਚੰਦਾ ਇਕੱਠਾ ਕਰਨ ਦੀ ਮੁਹਿੰਮ ਅਧੀਨ ਸ਼ੁੱਕਰਵਾਰ ਤੱਕ 2,100 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ।

 

ਖ਼ਾਸ ਗੱਲ ਇਹ ਹੈ ਕਿ 15 ਜਨਵਰੀ ਤੋਂ ਸ਼ੁਰੂ ਹੋਈ ਇਸ ਮੁਹਿੰਮ ਦਾ ਟੀਚਾ 1,100 ਕਰੋੜ ਰੁਪਏ ਦਾ ਟੀਚਾ ਸੀ। ਹਾਲੇ ਇਹ ਰਕਮ 2,100 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋਵੇਗੀ ਕਿਉਂਕਿ ਰਕਮ ਗਿਣਨ ਦਾ ਕੰਮ ਲਗਾਤਾਰ ਜਾਰੀ ਹੈ।

 

ਸਵਾਮੀ ਗੋਵਿੰਦ ਦੇਵ ਗਿਰੀ ਨੇ ਦੱਸਿਆ ਕਿ ਹੁਣ ਵਿਦੇਸ਼ਾਂ ’ਚ ਰਹਿ ਰਹੇ ਰਾਮ ਭਗਤ ਵੀ ਚੰਦਾ ਇਕੱਠਾ ਕਰ ਰਹੇ ਹਨ। ਚੰਦਾ ਇਕੱਠਾ ਕਰਨ ਲਈ 27 ਫ਼ਰਵਰੀ ਭਾਵ ਸੰਤ ਰਵਿਦਾਸ ਜਯੰਤੀ ਤੱਕ ਦਾ ਸਮਾਂ ਤੈਅ ਕੀਤਾ ਗਿਆ ਸੀ।

 

ਇਨ੍ਹਾਂ 44 ਦਿਨਾਂ ਅੰਦਰ 5 ਲੱਖ ਪਿੰਡਾਂ ਤੱਕ ਜਾਣ ਦਾ ਟੀਚਾ ਸੀ। ਇਸ ਲਈ ਰਾਮ ਮੰਦਰ ਟ੍ਰੱਸਟ ਵੱਲੋਂ 10 ਰੁਪਏ, 100 ਰੁਪਏ ਅਤੇ 1,000 ਰੁਪਏ ਤੱਕ ਦੇ ਕੂਪਨ ਜਾਰੀ ਕੀਤੇ ਗਏ ਸਨ। ਸਭ ਤੋਂ ਵੱਧ 100 ਰੁਪਏ ਦੇ 8 ਕਰੋੜ ਕੂਪਨ ਛਾਪੇ ਗਏ ਸਨ। ਪਰ ਛੇਤੀ ਹੀ ਇਹ ਕੂਪਨ ਘਟ ਗਏ।

 

ਸ਼੍ਰੀਰਾਮ ਮੰਦਰ ਲਈ ਪਹਿਲਾ ਚੰਦਾ ਦੇਸ਼ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤਾ ਸੀ। ਉਨ੍ਹਾਂ ਪੰਜ ਲੱਖ ਰੁਪਏ ਦਾ ਚੰਦਾ ਦਿੱਤਾ ਸੀ। ਉਸ ਤੋਂ ਬਾਅਦ ਜਿਵੇਂ ਚੰਦਾ ਦੇਣ ਦੀ ਦੌੜ ਜਿਹੀ ਲੱਗ ਗਈ ਸੀ।