ਸ੍ਰੀ ਅਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਲਾਜ਼ਮਾਂ ਵੱਲੋਂ ਕੜਾਹ ਪ੍ਰਸ਼ਾਦ ਲਈ ਜਮ੍ਹਾਂ ਕਰਵਾਏ ਗਏ ਪੈਸਿਆਂ 'ਚ ਲੱਖਾਂ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ। ਕਈ ਮਹੀਨਿਆਂ ਤੋਂ ਹੋ ਰਹੇ ਇਸ ਘੁਟਾਲੇ ਤੋਂ ਜਿੱਥੇ ਅਧਿਕਾਰੀ ਪੂਰੀ ਤਰ੍ਹਾਂ ਅਣਜਾਣ ਸੀ, ਉੱਥੇ ਹੀ ਜਾਂਚ ਕਰਨ ਵਾਲੇ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਸ਼ਰਧਾਲੂਆਂ ਵੱਲੋਂ ਕੜਾਹ ਪ੍ਰਸ਼ਾਦ ਲਈ ਚੜ੍ਹਾਏ ਪੈਸਿਆਂ ਨੂੰ ਜਮ੍ਹਾਂ ਨਾ ਕਰਵਾਉਣ ਦਾ ਇਹ ਸਿਲਸਿਲਾ ਲਗਪਗ ਇੱਕ ਸਾਲ ਤੋਂ ਚੱਲ ਰਿਹਾ ਸੀ। ਜਦਕਿ ਹੁਣ ਤਕ ਇਹ ਰਕਮ ਲੱਖਾਂ 'ਚ ਪਹੁੰਚ ਚੁੱਕੀ ਸੀ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਰੋਜ਼ਾਨਾ ਆਉਣ ਵਾਲੇ ਵੱਡੀ ਗਿਣਤੀ ਸ਼ਰਧਾਲੂਆਂ ਵੱਲੋਂ ਆਪਣੀ ਆਸਥਾ ਨੂੰ ਮੁੱਖ ਰੱਖਦੇ ਹੋਏ ਕੜਾਹ ਪ੍ਰਸ਼ਾਦ ਨਕਦ ਰਕਮ ਦੇ ਕੇ ਸ਼੍ਰੋਮਣੀ ਕਮੇਟੀ ਦੇ ਕਾਊਂਟਰ ਤੋਂ ਲਿਆ ਜਾਂਦਾ ਹੈ ਤੇ ਤਖ਼ਤ ਸਾਹਿਬ ਵਿਖੇ ਚੜ੍ਹਾ ਦਿੱਤਾ ਜਾਂਦਾ ਹੈ। ਇਸ ਦੀ ਵੱਟਤ ਹਰ ਸਾਲ ਲੱਖਾਂ ਰੁਪਏ ਬਣਦੀ ਹੈ ਪਰ ਬੀਤੇ ਦਿਨੀਂ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੱਲੋਂ ਇਹ ਰਕਮ ਜਮ੍ਹਾ ਹੀ ਨਹੀਂ ਕਰਵਾਈ ਗਈ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਮੁਕਤ ਅਧਿਕਾਰੀ ਕਸ਼ਮੀਰ ਸਿੰਘ ਵੱਲੋਂ ਆਪਣੇ ਕਾਰਜ-ਕਾਲ ਦੌਰਾਨ ਵਰਤੀਆਂ ਗਈਆਂ ਕੜਾਹ ਪ੍ਰਸਾਦ ਵਾਲੀਆਂ ਪਰਚੀਆਂ ਦਫਤਰ 'ਚ ਜਮਾਂ ਨਹੀਂ ਕਰਵਾਈਆਂ ਗਈਆਂ ਸੀ ਜਦਕਿ ਪਰਚੀ ਦਾ ਇੱਕ ਹਿੱਸਾ ਯਾਤਰੂ ਤੇ ਇੱਕ ਸਬੰਧਤ ਦਫਤਰ ਚ ਜਮਾਂ ਕਰਵਾਉਣਾ ਜ਼ਰੂਰੀ ਹੁੰਦਾ ਹੈ।

ਤਖ਼ਤ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਬੇਸ਼ਕ ਇਹ ਅਣਜਾਣੇ 'ਚ ਹੀ ਗਲਤੀ ਹੋਈ ਹੈ ਪਰ ਫਿਰ ਵੀ ਉਕਤ ਮੁਲਾਜ਼ਮ ਨੂੰ ਪਰਚੀਆਂ ਦੀ ਬਣਦੀ ਰਕਮ ਦਾ 18% ਵਿਆਜ ਪਾਇਆ ਗਿਆ ਜੋ ਉਸ ਵੱਲੋਂ ਜਮਾਂ ਵੀ ਕਰਵਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਰਰਾਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਬਾਰੇ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਾਂਚ ਕਰਕੇ ਗਏ ਅਧਿਕਾਰੀ ਗੁਲਜ਼ਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਉਕਤ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੈਂ ਆਪਣੀ ਪੜਤਾਲ ਰਿਪੋਰਟ ਸਕੱਤਰ ਨੂੰ ਦੇ ਦਿੱਤੀ ਹੈ ਤੇ ਤੁਸੀਂ ਉਨ੍ਹਾਂ ਪਾਸੋਂ ਜਾਣਕਾਰੀ ਲੈ ਸਕਦੇ ਹੋ।