ਚੰਡੀਗੜ੍ਹ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਡੋਕ ਨੇ ਆਖਰ ਮੰਨ ਹੀ ਲਿਆ ਹੈ ਕਿ ਉਨ੍ਹਾਂ ਠੇਕੇ ਤੋਂ ਸ਼ਰਾਬ ਖਰੀਦੀ ਸੀ। ਵੀਡੀਓ ਵਾਇਰਲ ਹੋਣ ਮਗਰੋਂ ਚੰਡੋਕ ਨੇ ਕਿਹਾ ਕਿ ਉਨ੍ਹਾਂ ਕਿਸੇ ਰਿਸ਼ਤੇਦਾਰ ਲਈ ਸ਼ਰਾਬ ਖਰੀਦੀ ਸੀ ਤੇ ਖੁਦ ਪੀਤੀ ਨਹੀਂ ਸੀ।

ਉਧਰ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਾਮਲੇ ਦੀ ਸੁਣਵਾਈ ਮਗਰੋਂ ਸੋਮਵਾਰ ਚੰਡੋਕ ਨੂੰ ਠੇਕੇ ਤੋਂ ਸ਼ਰਾਬ ਖਰੀਦਣ ਦੇ ਮਾਮਲੇ ’ਤੇ ਤਨਖਾਹ ਲਾਈ ਹੈ। ਇਸ ਤਹਿਤ ਉਨ੍ਹਾਂ ਨੂੰ ਦਿੱਲੀ ਵਿੱਚ ਤਿੰਨ ਦਿਨ ਗੁਰਦੁਆਰਾ ਬੰਗਲਾ ਸਾਹਿਬ ਤੇ ਤਿੰਨ ਦਿਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਰੋਜ਼ਾਨਾ ਸੰਗਤਾਂ ਦੇ ਜੋੜੇ ਝਾੜਨ, ਬਰਤਨ ਮਾਂਜਣ ਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਚੰਡੋਕ ਨੇ ਆਖਿਆ ਕਿ ਉਸ ਨੇ ਸ਼ਰਾਬ ਨਹੀਂ ਪੀਤੀ ਪਰ ਠੇਕੇ ਤੋਂ ਕਿਸੇ ਲਈ ਸ਼ਰਾਬ ਜ਼ਰੂਰ ਖਰੀਦੀ ਸੀ। ਇਸ ਤੋਂ ਬਾਅਦ ਚੰਡੋਕ ਨੂੰ ਸਜ਼ਾ ਲਾਈ ਗਈ। ਜਥੇਦਾਰਾਂ ਨੇ ਹੁਕਮ ਦਿੱਤਾ ਕਿ ਤਨਖਾਹ ਪੂਰੀ ਹੋਣ ਮਗਰੋਂ ਉਹ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਕਰਵਾਏਗਾ। ਇਸ ਦੌਰਾਨ ਉਹ ਕਿਸੇ ਵੀ ਤਰ੍ਹਾਂ ਦੀਆਂ ਧਾਰਮਿਕ, ਸਿਆਸੀ ਤੇ ਸਮਾਜਿਕ ਗਤੀਵਿਧੀਆਂ ਵਿਚ ਸ਼ਮੂਲੀਅਤ ਨਹੀਂ ਕਰੇਗਾ ਤੇ ਨਾ ਹੀ ਕੋਈ ਸਨਮਾਨ ਪ੍ਰਾਪਤ ਕਰੇਗਾ।