ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਟੇਜਾਂ 'ਤੇ ਪ੍ਰਚਾਰ ਕਰਨਾ ਛੱਡ ਦਿੱਤਾ ਹੈ ਪਰ ਅਜੇ ਵੀ ਉਹ ਸੁਰਖੀਆਂ ਵਿੱਚ ਹਨ। ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਰਕੇ ਢੱਡਰੀਆਂ ਵਾਲੇ ਚਰਚਾ ਵਿੱਚ ਆਏ ਹਨ। ਜਥੇਦਾਰ ਦੇ ਬਿਆਨ ਨੂੰ ਢੱਡਰੀਆਂ ਵਾਲੇ ਨੇ ਰੱਦ ਕਰਦਿਆਂ ਖਰੀਆਂ-ਖਰੀਆਂ ਸੁਣਾਈਆਂ ਹਨ।


ਦਰਅਸਲ ਜਥੇਦਾਰ ਨੇ ਕਿਹਾ ਸੀ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਕੁਝ ਲੋਕ ਨਕਲੀ ਨਿਰੰਕਾਰੀ ਬਣਾ ਸਿੱਖ ਕੌਮ ਦੇ ਸਿਰਾਂ ’ਤੇ ਬਿਠਾਉਣਾ ਚਾਹੁੰਦੇ ਹਨ। ਇਸ ਦੇ ਜਵਾਬ ’ਚ ਢੱਡਰੀਆਂ ਵਾਲੇ ਨੇ ਕਿਹਾ ਕਿ ਜਥੇਦਾਰ ਨੂੰ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਕਲੀ ਨਿਰੰਕਾਰੀ ਸਾਬਤ ਕਰ ਦਿਓ, ਉਹ ਧਾਰਮਿਕ ਸਟੇਜਾਂ ਤੋਂ ਬਾਅਦ ਆਪਣਾ ਧਾਰਮਿਕ ਅਸਥਾਨ ਪ੍ਰਮੇਸ਼ਵਰ ਦੁਆਰ ਵੀ ਛੱਡ ਦੇਣਗੇ।



ਵੀਡੀਓ ਜਾਰੀ ਕਰਕੇ ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਬਿਆਨ ਨਾਲ ਜਿੱਥੇ ਉਨ੍ਹਾਂ ਨੂੰ ਤਾਂ ਦੁੱਖ ਲੱਗਿਆ ਉੱਥੇ ਉਨ੍ਹਾਂ ਨਾਲ ਜੁੜੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਜਥੇਬੰਦੀਆਂ ਵੱਲੋਂ ਉਨ੍ਹਾਂ ’ਤੇ ਜੋ ਦੋਸ਼ ਲਾਏ ਹਨ, ਉਹ ਸਾਬਤ ਨਹੀਂ ਹੋਏ ਪਰ ਇਸ ਦੇ ਬਾਵਜੂਦ ਜਥੇਦਾਰ ਹੁਰਾਂ ਨੇ ਇਹ ਬਿਆਨ ਜਾਰੀ ਕਰ ਦਿੱਤਾ, ਇਸ ਲਈ ਉਹ ਸਾਬਤ ਕਰ ਕੇ ਦਿਖਾਉਣ ਕਿ ਮੈਂ ਨਕਲੀ ਨਿਰੰਕਾਰੀ ਬਣਨ ਦੀ ਰਾਹ ਵੱਲ ਵਧ ਰਿਹਾ ਹਾਂ ਤਾਂ ਮੈਂ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਛੱਡ ਉਸ ਦੀ ਸਾਂਭ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲ ਦੇਵਾਂਗਾ।’’

ਉਨ੍ਹਾਂ ਨੇ ਜਥੇਦਾਰ ਦੇ ਬਿਆਨ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ ਹੈ। ਉਹ ਪੜ੍ਹੇ-ਲਿਖੇ ਤੇ ਉੱਚ ਅਹੁਦੇ ’ਤੇ ਬਿਰਾਜਮਾਨ ਹਨ ਜਿਸ ਕਾਰਨ ਉਨ੍ਹਾਂ ਤੋਂ ਅਜਿਹੇ ਪ੍ਰਗਟਾਵੇ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਸਿੱਖ ਕੌਮ ਤੱਕ ਪਹੁਚਾਉਣਾ ਚਾਹੁੰਦੇ ਹਨ ਨਾ ਕਿ ਉਹ ਨਕਲੀ ਨਿਰੰਕਾਰੀ ਬਣ ਲੋਕਾਂ ਦੇ ਸਿਰ ’ਤੇ ਬੈਠਣਾ ਚਾਹੁੰਦੇ ਹਨ।

ਢੱਡਰੀਆਂ ਵਾਲੇ ਨੇ ਕਿਹਾ ਕਿ ਜੇਕਰ ਚੈਨਲਾਂ ’ਤੇ ਜਾ ਕੇ ਜਥੇਦਾਰ ਹਰਪ੍ਰੀਤ ਸਿੰਘ ਉਨ੍ਹਾਂ ਖ਼ਿਲਾਫ਼ ਬੋਲ ਸਕਦੇ ਹਨ ਤਾਂ ਮਿਲ ਕੇ ਗੱਲ ਕਿਉਂ ਨਹੀਂ ਕਰ ਸਕਦੇ। ਇਸ ਲਈ ਮੁੜ ਉਨ੍ਹਾਂ ਨੂੰ ਬੇਨਤੀ ਹੈ ਕਿ ਜਥੇਦਾਰ ਉਨ੍ਹਾਂ ਦੀਆਂ ਜੋ ਗਲਤੀਆਂ ਹਨ, ਓਹੀ ਚੈਨਲ ’ਤੇ ਆ ਕੇ ਦੱਸ ਦੇਣ ਜਿਨ੍ਹਾਂ ਦੇ ਉਹ ਸਾਹਮਣੇ ਬੈਠ ਕੇ ਜਵਾਬ ਦੇਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕ ਸਿੰਘ ਅਜਨਾਲਾ ਤੇ ਉਨ੍ਹਾਂ ਵਿਚਕਾਰ ਹੋਣ ਵਾਲੇ ਸਵਾਲਾਂ ਦੇ ਜਵਾਬ ਚੈਨਲਾਂ ’ਤੇ ਬੈਠ ਕੇ ਹੋਣ ਤਾਂ ਜੋ ਕੁਝ ਵਿਅਕਤੀਆਂ ਦੀ ਬਜਾਏ ਸਾਰੀ ਸੰਗਤ ਇਸ ਨੂੰ ਦੇਖੇ ਅਤੇ ਸਹੀ-ਗਲਤ ਦਾ ਫ਼ੈਸਲਾ ਕਰ ਸਕੇ।