ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਸਾਉਣ ਵਾਲੇ ਚੌਥੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ 'ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਲਈ ਮੁੰਬਈ ਤੋਂ ਆਈ ਸੰਗਤ ਪਿਛਲੇ ਤਿੰਨ ਦਿਨਾਂ ਤੋਂ ਸੇਵਾ ਕਰ ਰਹੀ ਹੈ। ਗੁਰੂ ਘਰ ਦੇ ਸ਼ਰਧਾਲੂ ਇਕਬਾਲ ਸਿੰਘ ਦੀ ਅਗਵਾਈ ਹੇਠ 100 ਦੇ ਕਰੀਬ ਮੁੰਬਈ ਨਿਵਾਸੀ ਪਿਛਲੇ ਦੋ ਦਿਨਾਂ ਤੋਂ ਵੱਖ ਵੱਖ ਕਿਸਮਾਂ ਦੇ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਫੁੱਲ ਮਲੇਸ਼ੀਆ, ਸਿੰਗਾਪੁਰ, ਦਿੱਲੀ ਤੇ ਉਜੈਨ ਸਮੇਤ ਕਈ ਥਾਵਾਂ ਤੋਂ ਆਏ ਹਨ। ਇਸ ਵਿੱਚ ਕਾਰਨੇਸ਼ਨ, ਲਿਲੀਅਮ, ਐਂਚੂਨਿਅਮ, ਗੁਲਸੀਰੀ, ਓਰਕਿਡਸ, ਗੁਲਾਬ, ਕਮਲ ਤੇ ਗੈਂਦੇ ਸਣੇ 30 ਤੋਂ 35 ਤਰ੍ਹਾਂ ਦੇ ਫੁੱਲਾਂ ਦਿਆਂ ਕਿਸਮਾਂ ਸ਼ਾਮਲ ਹਨ। ਮੁੰਬਈ ਦੀ ਸੰਗਤ ਇਹ ਫੁੱਲ ਰੋਜ਼ਾਨਾ ਜਹਾਜ਼ ਰਾਹੀਂ ਮੰਗਵਾ ਰਹੀ ਹੈ। ਇਸ ਫੁੱਲਾਂ ਦੀ ਸਜਾਵਟ ਲਈ 70 ਕਾਰੀਗਰ ਲੱਗੇ ਹੋਏ ਹਨ।
ਸ਼੍ਰੀ ਹਰਿਮੰਦਰ ਸਾਹਿਬ ਦੇ ਸੁੰਦਰ ਨਜ਼ਾਰੇ ਨੂੰ ਫੁੱਲਾਂ ਨਾਲ ਸਜਾਇਆ ਵੇਖ ਕੇ ਦੂਰੋਂ ਦੂਰੋਂ ਆ ਰਹੀ ਸੰਗਤ ਬਹੁਤ ਖੁਸ਼ ਨਜ਼ਰ ਆ ਰਹੀ ਹੈ।