ਇਸਲਾਮਾਬਾਦ: ਸਿੱਖਾਂ ਦਾ ਪਾਕਿਸਤਾਨ ਨਾਲ ਗੂੜ੍ਹਾ ਨਾਤਾ ਹੈ। ਇਸ ਦਾ ਅੰਦਾਜ਼ਾ ਇਸ ਗੱਲ਼ ਤੋਂ ਲਾਇਆ ਜਾ ਸਕਦਾ ਹੈ ਕਿ 90 ਫ਼ੀਸਦੀ ਸਿੱਖ ਵਿਰਾਸਤ ਨਾਲ ਜੁੜੀਆਂ ਥਾਵਾਂ ਪਾਕਿਸਤਾਨ ਵਿੱਚ ਹਨ। ਇਹ ਖੁਲਾਸਾ ਭਾਰਤੀ ਮੂਲ ਦੇ ਬਰਤਾਨਵੀ ਇਤਿਹਾਸਕਾਰ ਤੇ ਲੇਖਕ ਬੌਬੀ ਸਿੰਘ ਬਾਂਸਲ ਨੇ ਕੀਤਾ ਹੈ। ਬਾਂਸਲ ਪਾਕਿ ਸਥਿਤ ਸਿੱਖ ਵਿਰਾਸਤੀ ਥਾਵਾਂ ਬਾਰੇ ਕਾਫ਼ੀ ਜਾਣਕਾਰੀ ਰੱਖਦੇ ਹਨ।


ਬੌਬੀ ਨੇ ਕਿਹਾ ਕਿ ਜ਼ਿਆਦਾਤਰ ਥਾਵਾਂ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਹਨ। ਉਨ੍ਹਾਂ ਨਾਲ ਹੀ ਇਨ੍ਹਾਂ ਥਾਵਾਂ ਨੂੰ ਧਾਰਮਿਕ ਸੈਰ-ਸਪਾਟੇ ਲਈ ਵਿਕਸਤ ਕਰਨ ਦੇ ਪੱਖ ਤੋਂ ਵੀ ਗੱਲ ਕੀਤੀ ਤੇ ਇਸ ਦੇ ਮਹੱਤਵ ਨੂੰ ਉਭਾਰਿਆ। ਪਿਸ਼ਾਵਰ ਮਿਊਜ਼ੀਅਮ ਦੇ ਵਿਕਟੋਰੀਆ ਯਾਦਗਾਰੀ ਹਾਲ ਵਿੱਚ ‘ਫਰੌਮ ਕਰਤਾਰਪੁਰ ਟੂ ਖ਼ੈਬਰ ਪਾਸ’ ਵਿਸ਼ੇ ’ਤੇ ਵਿਚਾਰ ਰੱਖਦਿਆਂ ਯੂਕੇ ਦੇ ਇਤਿਹਾਸਕਾਰ ਨੇ ਸਰੋਤਿਆਂ ਨੂੰ ਸਿੱਖ ਵਿਰਾਸਤ ਨਾਲ ਜੁੜੇ ਕਈ ਕਿਲਿਆਂ, ਯੁੱਧ ਭੂਮੀਆਂ, ਦਰਗਾਹਾਂ, ਮਜ਼ਾਰਾਂ, ਗੁਰਦੁਆਰਿਆਂ ਤੇ ਹਵੇਲੀਆਂ ਬਾਰੇ ਜਾਣਕਾਰੀ ਦਿੱਤੀ।

ਬਾਂਸਲ ਫ਼ਿਲਮਸਾਜ਼ ਵੀ ਹਨ। ਉਨ੍ਹਾਂ ਖ਼ੈਬਰ ਨਾਲ ਜੁੜੀਆਂ ਸਿੱਖ ਸ਼ਖ਼ਸੀਅਤਾਂ- ਜਨਰਲ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਬਾਰੇ ਵੀ ਗੱਲ ਕੀਤੀ ਤੇ ਦੱਸਿਆ ਕਿ ਇਨ੍ਹਾਂ ਦੀ ਮੌਤ ਖ਼ੈਬਰ ਵਿਚ ਹੀ ਹੋਈ ਸੀ। ਉੱਥੇ ਦੋਵਾਂ ਦੀਆਂ ਮਜ਼ਾਰਾਂ ਹਨ। ‘ਜਮਰੂਦ ਕਿਲਾ’ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਕਿਉਂਕਿ ਇੱਥੇ ਨਲਵਾ ਦੀ ਮਜ਼ਾਰ ਹੈ। ਉਹ ਸਿੱਖ ਸਾਮਰਾਜ ਦੀ ਫ਼ੌਜ ਦੇ ਕਮਾਂਡਰ ਸਨ।

ਬੌਬੀ ਨੇ ਕਿਹਾ ਕਿ ਲੋਕ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਹਨ ਤੇ ਇਸ ਥਾਂ ਨੂੰ ਵੀ ਵਿਕਸਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਅਕਾਲੀ ਫੂਲਾ ਸਿੰਘ ਦੀ ਮਜ਼ਾਰ ਨੌਸ਼ਹਿਰਾ ਵਿਚ ਹੈ। ਇਸ ਤੋਂ ਇਲਾਵਾ ਭਾਈ ਬੀਬਾ ਸਿੰਘ ਮੰਦਰ ਦਾ ਜ਼ਿਕਰ ਵੀ ਬੌਬੀ ਨੇ ਕੀਤਾ ਹੈ।