ਸ੍ਰੀ ਅੰਨਦਪੁਰ ਸਾਹਿਬ: ਖਾਲਸਾਈ ਜਾਹੋਜਲਾਲ ਦੇ ਪਰਤੀਕ ਹੋਲਾ ਮੋਹਲਾ ਦਾ ਆਗਾਜ਼ ਹੋ ਗਿਆ ਹੈ।ਸ੍ਰੀ ਅੰਨਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਪਹੁੰਚ ਕੇ ਨਤਮਸਤਕ ਹੋ ਰਹੀਆਂ ਹਨ।ਅੱਜ ਸਵੇਰੇ 9 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਖਡ ਪਾਠ ਸਾਹਿਬ ਆਰੰਬ ਹੋਏ ।ਇਨ੍ਹਾਂ ਦੀ ਅਰਦਾਸ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੀ ਗਈ। 

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਰਮਲੇ ਮਹਾਪੁਰਖ ਅਤੇ ਸਮੁੰਹ ਸੰਤ ਸਮਾਜ ਵੱਲੋਂ ਨਗਰ ਕੀਰਤਨ ਦੇ ਨਾਲ ਹੋਲੇ ਮੋਹਲੇ ਦੀ ਅਰੰਭਤਾ ਕੀਤੀ ਗਈ।ਜ਼ਿਕਰਯੋਗ ਹੈ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਕੌਮੀ ਤਿਉਹਾਰ ਹੋਲੇ ਮੋਹਲੇ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾ ਸ਼ਿਰਕਤ ਕਰਦੀਆਂ ਹਨ। 

ਇਸ ਵਾਰ ਵੀ ਪਹੁੰਚ ਰਹੀਆਂ ਸੰਗਤਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਖੋਫ਼ ਪਾ ਕੇ ਸੰਗਤ ਨੂੰ ਅੰਨਦਪੁਰ ਸਾਹਿਬ ਆਉਣ ਤੋਂ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੰਗਤਾ ਹੁੰਮ ਹੁਮਾ ਕੇ ਪਹੁੰਚਣ ਰਹੀਆਂ ਹਨ। 

ਇਸ ਦੇ ਨਾਲ ਅੱਜ ਸ਼ਾਮ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਗਤਕਾ ਮੁਕਾਬਿਲਿਆਂ ਦੀ ਅਰੰਬਤਾ ਹੋਵੇਗੀ।ਜਿਸ ਦੀ ਸ਼ੁਰੂਆਤ ਸਿੰਘ ਸਾਹਿਬਾਨ ਅਤੇ ਪੰਥਕ ਸ਼ਖਸੀਅਤਾਂ ਵਲੋ ਕੀਤੀ ਜਾਏਗੀ। ਉਧਰ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਹੋਲਾ ਮਹੱਲਾ ਨੂੰ ਲੈ ਕੇ ਸੰਗਤਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਗਿਆ ਹੈ।ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਹਿਮਾਚਲ ਤੇ ਚੰਡੀਗੜ੍ਹ ਤੋਂ ਆਉਣ-ਜਾਣ ਵਾਲੀ ਟ੍ਰੈਫਿਕ ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਹੋ ਕੇ ਲੰਘਦੀ ਸੀ, ਲਈ ਬਦਲਵੇਂ ਰੂਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਬਦਲਵੇਂ ਰੂਟ 26 ਤਾਰੀਖ ਤੋਂ ਲੈ ਕੇ 29 ਤਾਰੀਖ ਤੱਕ ਲਾਗੂ ਰਹਿਣਗੇ।

ਚੌਧਰੀ ਨੇ ਦੱਸਿਆ ਕਿ ਸ਼ਹਿਰ ਨੂੰ ਬਾਰਾਂ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਤੇ ਤਕਰੀਬਨ ਚਾਰ ਹਜ਼ਾਰ ਪੁਲਿਸ ਮੁਲਾਜ਼ਮ ਹੋਲਾ ਮਹੱਲਾ ਦੌਰਾਨ ਕੀਰਤਪੁਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਦੀ ਜਾਨ ਮਾਲ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਇਸ ਤੋਂ ਇਲਾਵਾ 125 ਦੇ ਕਰੀਬ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਹਰ ਵਿਅਕਤੀ ਤੇ ਅੱਖ ਰੱਖੀ ਜਾ ਸਕੇ ਤੇ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਕੋਈ ਸਮਾਜ ਵਿਰੋਧੀ ਗਤੀਵਿਧੀ ਨਾ ਕਰਨ ਦਿੱਤੀ ਜਾਵੇ।

ਐਸਐਸਪੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੰਗਤ ਹੋਲਾ ਮਹੱਲਾ ਦੇ ਦੌਰਾਨ ਜਦੋਂ ਸ੍ਰੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤੋਂ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕੋਰੋਨੋਵਾਇਰਸ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰੇ।

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ