ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਗਲਵਾਨ ਘਾਟੀ ਵਿੱਚ ਪੰਜਾਬ ਦੇ ਸ਼ਹੀਦਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 25 ਲੱਖ ਰੁਪਏ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਨੇ ਗਲਵਾਨ ਘਾਟੀ 'ਚ ਹੋਈ ਹਿੰਸਾ ਦੌਰਾਨ ਬੇਮਿਸਾਲ ਬਹਾਦਰੀ ਦਿਖਾਉਣ ਵਾਲੇ ਪੰਜਾਬ ਦੇ ਪੰਜ ਸ਼ਹੀਦਾਂ ਦੇ ਸਨਮਾਨ ਵਜੋਂ ਇਸ ਦਾ ਐਲਾਨ ਕੀਤਾ ਹੈ। ਸਾਬਕਾ ਸੈਨਿਕਾਂ ਲਈ ਵੱਖ-ਵੱਖ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਸਰਕਾਰ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਿੰਡਾਂ ਦਾ ਵਿਕਾਸ ਕਰਨਾ ਦੀ ਪੂਰੀ ਕੋਸ਼ਿਸ਼ ਕਰੇਗੀ।


ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ 3 ਮੀਡੀਅਮ ਰੈਜੀਮੈਂਟ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਦਾ ਪਿੰਡ ਸੀਲ (ਪਟਿਆਲਾ), 3 ਮੀਡੀਅਮ ਰੈਜੀਮੈਂਟ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਭੋਜਰਾਜ (ਗੁਰਦਾਸਪੁਰ), 3 ਪੰਜਾਬ ਦੇ ਵੀਰ ਚੱਕਰ ਅਵਾਰਡੀ ਸਿਪਾਹੀ ਗੁਰਤੇਜ ਸਿੰਘ ਦਾ ਪਿੰਡ ਬੀਰੇਵਾਲ ਡੋਗਰਾ (ਮਾਨਸਾ), 3 ਪੰਜਾਬ ਦੇ ਸਿਪਾਹੀ ਗੁਰਬਿੰਦਰ ਸਿੰਘ ਦੇ ਪਿੰਡ ਤੋਲੇਵਾਲ (ਸੰਗਰੂਰ) ਅਤੇ 58 ਇੰਜੀਨੀਅਰ ਰੈਜੀਮੈਂਟ ਦੇ ਲਾਂਸ ਨਾਇਕ ਸਲੀਮ ਖ਼ਾਨ ਦੇ ਪਿੰਡ ਮਰਦਾਂਹੇੜੀ (ਪਟਿਆਲਾ) ਦੇ ਵਿਕਾਸ ਲਈ 25-25 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ।


ਇਨ੍ਹਾਂ ਪੰਜਾਂ ਪਿੰਡਾਂ ਦੇ ਵਿਕਾਸ ਲਈ 1.25 ਕਰੋੜ ਰੁਪਏ ਮਨਜ਼ੂਰ ਕਰਨ ਤੋਂ ਇਲਾਵਾ ਮੁੱਖ ਮੰਤਰੀ ਨੇ ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਅਜਾਇਬ ਘਰ ਅੰਮ੍ਰਿਤਸਰ ਲਈ 18 ਕਰੋੜ ਰੁਪਏ ਦੀ ਵੀ ਪ੍ਰਵਾਨਗੀ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਾਨਸਾ ਵਿਖੇ ਸੈਨਿਕ ਰੈਸਟ ਹਾਊਸ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਸੈਨਿਕਾਂ, ਯੁੱਧ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ 4 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।


ਮੁੱਖ ਮੰਤਰੀ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਅਸਫਵਾਲਾ ਵਿਖੇ ਵਾਰ ਮੈਮੋਰੀਅਲ ਦੀ ਮੁਰੰਮਤ ਅਤੇ ਵਿਕਟਰੀ ਟਾਵਰ ਦੀ ਉਸਾਰੀ ਲਈ 39.50 ਲੱਖ ਰੁਪਏ ਜਾਰੀ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ।ਦੱਸ ਦਈਏ ਕਿ ਇਹ ਯਾਦਗਾਰ 1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਫਾਜ਼ਿਲਕਾ ਖੇਤਰ ਵਿੱਚ ਸ਼ਹੀਦ ਹੋਏ ਫੌਜੀਆਂ ਦੀ ਯਾਦ ਵਿੱਚ ਬਣਾਈ ਗਈ ਸੀ।


ਇਹ ਵੀ ਪੜ੍ਹੋ: ਕੋਟਕਪੂਰਾ ਫਾਇਰਿੰਗ: ਸੁਮੇਧ ਸੈਣੀ ਨੂੰ ਪੇਸ਼ੀ ਤੋਂ ਛੋਟ ਨਹੀਂ, ਫਰੀਦਕੋਟ ਅਦਾਲਤ ਨੇ ਸੈਣੀ ਖਿਲਾਫ ਜਾਰੀ ਕੀਤਾ ਤਾਜ਼ਾ ਸੰਮਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904