ਵਿਸ਼ਾਖਾਪਟਨਮ - ਟੀਮ ਇੰਡੀਆ ਨੇ ਇੰਗਲੈਂਡ ਨੂੰ ਦੂਜੇ ਟੈਸਟ ਮੈਚ 'ਚ ਮਾਤ ਦੇਕੇ 5 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ ਹੈ। ਟੀਮ ਇੰਡੀਆ ਨੇ ਇੰਗਲੈਂਡ ਨੂੰ 246 ਰਨ ਨਾਲ ਹਰਾ ਕੇ ਦੂਜਾ ਟੈਸਟ ਆਪਣੇ ਨਾਮ ਕੀਤਾ। ਇਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਭਾਰਤ ਦੀ ਜਿੱਤ ਦੇ ਹੀਰੋ ਬਣੇ। 
 
ਇੱਕ ਨਜਰ ਮਾਰਦੇ ਹਾਂ ਭਾਰਤ ਦੀ ਜਿੱਤ ਦੇ 10 ਕਾਰਨਾਂ 'ਤੇ 
 
1. ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ - 
 
ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਰਾਜਕੋਟ 'ਚ ਖੇਡਿਆ ਗਿਆ। ਰਾਜਕੋਟ ਟੈਸਟ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਫਿਰ ਪੂਰਾ ਮੈਚ ਇੰਗਲੈਂਡ ਦੀ ਟੀਮ ਛਾਈ ਰਹੀ। ਟੀਮ ਇੰਡੀਆ ਨੇ ਵਿਸ਼ਾਖਾਪਟਨਮ 'ਚ ਇੰਗਲੈਂਡ ਖਿਲਾਫ ਟਾਸ ਜਿੱਤ ਲਿਆ ਅਤੇ ਇਸ ਵਾਰ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਹ ਫੈਸਲਾ ਟੀਮ ਇੰਡੀਆ ਦੀ ਜਿੱਤ 'ਚ ਅਹਿਮ ਫੈਕਟਰ ਸਾਬਿਤ ਹੋਇਆ। 
 
2. ਵਿਰਾਟ ਦਾ ਵਾਰ - 
 
ਟੀਮ ਇੰਡੀਆ ਲਈ ਪਹਿਲੀ ਪਾਰੀ 'ਚ ਸੈਂਕੜਾ (167 ਰਨ) ਅਤੇ ਦੂਜੀ ਪਾਰੀ 'ਚ ਅਰਧ-ਸੈਂਕੜਾ (81 ਰਨ) ਜੜਨ ਵਾਲੇ ਕਪਤਾਨ ਵਿਰਾਟ ਕੋਹਲੀ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ। ਵਿਰਾਟ ਕੋਹਲੀ ਆਸਰੇ ਟੀਮ ਇੰਡੀਆ 'ਵਿਰਾਟ' ਜਿੱਤ ਦਰਜ ਕਰਨ 'ਚ ਕਾਮਯਾਬ ਹੋਈ। 
 
3. ਪੁਜਾਰਾ ਦਾ ਸੈਂਕੜਾ - 
 
ਟੀਮ ਇੰਡੀਆ ਲਈ ਮੁਰਲੀ ਵਿਜੈ ਅਤੇ ਲੋਕੇਸ਼ ਰਾਹੁਲ ਦੀ ਸਲਾਮੀ ਜੋੜੀ ਨੇ ਨਿਰਾਸ਼ਾਜਨਕ ਖੇਡ ਵਿਖਾਇਆ। ਸ਼ੁਰੂਆਤੀ ਝਟਕਿਆਂ ਤੋਂ ਪੁਜਾਰਾ ਨੇ ਟੀਮ ਇੰਡੀਆ ਨੂੰ ਉਭਾਰਿਆ। ਚੇਤੇਸ਼ਵਰ ਪੁਜਾਰਾ ਨੇ 202 ਗੇਂਦਾਂ 'ਤੇ 119 ਰਨ ਦੀ ਪਾਰੀ ਖੇਡੀ। ਪੁਜਾਰਾ ਦੀ ਪਾਰੀ 'ਚ 12 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। 
 
4. 226 ਰਨ ਦੀ ਪਾਰਟਨਰਸ਼ਿਪ - 
 
ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਟੀਮ ਇੰਡੀਆ ਨੂੰ ਸ਼ੁਰੂਆਤੀ ਝਟਕਿਆਂ ਤੋਂ ਸੰਭਾਲਿਆ। ਦੋਨਾ ਨੇ ਮਿਲਕੇ ਤੀਜੇ ਵਿਕਟ ਲਈ 226 ਰਨ ਦੀ ਪਾਰਟਨਰਸ਼ਿਪ ਕੀਤੀ। ਵਿਰਾਟ ਅਤੇ ਪੁਜਾਰਾ ਦੀ ਪਾਰਟਨਰਸ਼ਿਪ ਨੇ ਟੀਮ ਇੰਡੀਆ ਲਈ ਵੱਡੇ ਸਕੋਰ ਲਈ ਨੀਂਹ ਦਾ ਕੰਮ ਕੀਤਾ। 
 
5. ਅਸ਼ਵਿਨ ਦੇ 5 ਵਿਕਟ - 
 
ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 255 ਰਨ 'ਤੇ ਸਿਮਟ ਗਈ। ਟੀਮ ਇੰਡੀਆ ਲਈ ਰਵੀਚੰਦਰਨ ਅਸ਼ਵਿਨ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ। ਅਸ਼ਵਿਨ ਨੇ 29.5ਓਵਰਾਂ 'ਚ 67 ਰਨ ਦੇਕੇ 5 ਵਿਕਟ ਝਟਕੇ। ਇਹ 22ਵਾਂ ਮੌਕਾ ਸੀ ਜਦ ਅਸ਼ਵਿਨ ਨੇ ਇੱਕੋ ਪਾਰੀ 'ਚ 5 ਵਿਕਟ ਝਟਕੇ। 
 
6. ਯਾਦਵ-ਸ਼ਮੀ ਦੀ ਪਾਰਟਨਰਸ਼ਿਪ - 
 
ਟੀਮ ਇੰਡੀਆ ਨੇ ਆਪਣੀ ਦੂਜੀ ਪਾਰੀ 'ਚ 162 ਰਨ 'ਤੇ 9 ਵਿਕਟ ਗਵਾ ਦਿੱਤੇ ਸਨ। ਮੋਹੰਮਦ ਸ਼ਮੀ (19) ਅਤੇ ਜਯੰਤ ਯਾਦਵ (27*) ਨੇ ਮਿਲਕੇ ਭਾਰਤ ਨੂੰ 204 ਰਨ ਤਕ ਪਹੁੰਚਾਇਆ। ਦੋਨਾ ਦੀ ਪਾਰਟਨਰਸ਼ਿਪ ਭਾਰਤ ਲਈ ਕਾਰਗਰ ਸਾਬਿਤ ਹੋਈ। 
 
7. 400 ਤੋਂ ਵਧ ਦਾ ਟੀਚਾ - 
 
ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 255 ਰਨ 'ਤੇ ਢੇਰ ਹੋ ਗਈ ਸੀ। ਟੀਮ ਇੰਡੀਆ ਦੇ ਪਹਿਲੀ ਪਾਰੀ 'ਚ ਬਣਾਏ 455 ਰਨ ਦੇ ਆਸਰੇ ਟੀਮ ਨੂੰ 200 ਰਨ ਦੀ ਲੀਡ ਹਾਸਿਲ ਹੋ ਗਈ ਸੀ। ਦੂਜੀ ਪਾਰੀ 'ਚ 204 ਰਨ 'ਤੇ ਆਲ ਆਊਟ ਹੋਈ ਟੀਮ ਇੰਡੀਆ ਨੇ ਇੰਗਲੈਂਡ ਨੂੰ ਜਿੱਤ ਲਈ 405 ਰਨ ਦਾ ਟੀਚਾ ਦਿੱਤਾ ਅਤੇ ਇੰਗਲੈਂਡ ਉਸੇ ਵੇਲੇ ਦਬਾਅ 'ਚ ਆ ਗਿਆ ਸੀ। 
 
8. ਇੰਗਲੈਂਡ ਦੀ ਧੀਮੀ ਸ਼ੁਰੂਆਤ - 
 
405 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਲਈ ਕੁੱਕ ਅਤੇ ਹਮੀਦ ਦੀ ਸਲਾਮੀ ਜੋੜੀ ਨੇ ਬੇਹਦ ਧੀਮੇ ਅੰਦਾਜ਼ 'ਚ ਰਨ ਬਣਾਏ। ਇੰਗਲੈਂਡ ਦੀ ਟੀਮ ਨੇ ਦੂਜੀ ਪਾਰੀ 'ਚ 50 ਓਵਰਾਂ ਤੋਂ ਬਾਅਦ ਸਿਰਫ 75 ਰਨ ਬਣਾਏ ਸਨ। ਹਾਲਾਂਕਿ ਸਪਿਨ ਹੁੰਦੀ ਵਿਕਟ 'ਤੇ ਹਮੀਦ ਅਤੇ ਕੁੱਕ ਦਾ ਇੰਨੀਆਂ ਗੇਂਦਾਂ ਖੇਡਣਾ ਆਪਣੇ-ਆਪ 'ਚ ਤਰੀਫ ਦੇ ਕਾਬਿਲ ਜਰੂਰ ਸੀ। ਪਰ ਇਸ ਨਾਲ ਵੀ ਟੀਮ 'ਤੇ ਦਬਾਅ ਵਧ ਗਿਆ ਸੀ। 
 
9. ਦੂਜੀ ਪਾਰੀ 'ਚ ਫਿਰਕੀ ਦਾ ਫੇਰ - 
 
ਟੀਮ ਇੰਡੀਆ ਲਈ ਅਸ਼ਵਿਨ ਅਤੇ ਜਯੰਤ ਯਾਦਵ ਨੇ 3-3 ਵਿਕਟ ਹਾਸਿਲ ਕੀਤੇ। ਜਡੇਜਾ ਅਤੇ ਸ਼ਮੀ ਨੇ 2-2 ਵਿਕਟ ਝਟਕੇ। ਜਡੇਜਾ ਨੇ ਦਮਦਾਰ ਗੇਂਦਬਾਜ਼ੀ ਕਰਦਿਆਂ 34 ਓਵਰਾਂ 'ਚ 35 ਰਨ ਦੇਕੇ 2 ਵਿਕਟ ਹਾਸਿਲ ਕੀਤੇ। 
 
10. ਅਸ਼ਵਿਨ ਦਾ ਕਮਾਲ - 
 
ਟੀਮ ਇੰਡੀਆ ਲਈ ਰਵੀਚੰਦਰਨ ਅਸ਼ਵਿਨ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ। ਅਸ਼ਵਿਨ ਨੇ ਪਹਿਲੀ ਪਾਰੀ 'ਚ 5 ਵਿਕਟ ਝਟਕੇ ਅਤੇ ਫਿਰ ਦੂਜੀ ਪਾਰੀ 'ਚ 3 ਵਿਕਟ ਆਪਣੇ ਨਾਮ ਕੀਤੇ। ਅਸ਼ਵਿਨ ਨੇ ਮੈਚ 'ਚ ਕੁਲ 8 ਵਿਕਟ ਹਾਸਿਲ ਕੀਤੇ ਅਤੇ ਟੀਮ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ।