ਵਿਸ਼ਾਖਾਪਟਨਮ - ਟੀਮ ਇੰਡੀਆ ਨੇ ਇੰਗਲੈਂਡ ਨੂੰ ਦੂਜੇ ਟੈਸਟ ਮੈਚ 'ਚ ਮਾਤ ਦੇਕੇ 5 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ ਹੈ। ਟੀਮ ਇੰਡੀਆ ਨੇ ਇੰਗਲੈਂਡ ਨੂੰ 246 ਰਨ ਨਾਲ ਹਰਾ ਕੇ ਦੂਜਾ ਟੈਸਟ ਆਪਣੇ ਨਾਮ ਕੀਤਾ। ਇਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਭਾਰਤ ਦੀ ਜਿੱਤ ਦੇ ਹੀਰੋ ਬਣੇ। 

  

 


ਇੰਗਲੈਂਡ - 158 ਆਲ ਆਊਟ 

 

ਮੈਚ ਦੇ 5ਵੇਂ ਦਿਨ ਇੰਗਲੈਂਡ ਦੀ ਟੀਮ ਨੇ 87/2 ਤੋਂ ਆਪਣਾ ਸਕੋਰ ਅੱਗੇ ਵਧਾਇਆ। ਟੀਮ ਇੰਡੀਆ ਨੇ ਖੇਡ ਦੇ ਪਹਿਲੇ 15 ਓਵਰਾਂ ਦੌਰਾਨ ਡਕੈਟ (0 off 16 balls) ਅਤੇ ਅਲੀ (2 off 31 balls) ਨੂੰ ਪੈਵਲੀਅਨ ਭੇਜ ਦਿੱਤਾ। ਇਸਤੋਂ ਬਾਅਦ ਭਾਰਤ ਨੂੰ 11 ਓਵਰਾਂ ਤੋਂ ਬਾਅਦ ਕਾਮਯਾਬੀ ਮਿਲੀ ਜਦ ਸਟੋਕਸ 33 ਗੇਂਦਾਂ 'ਤੇ 6 ਰਨ ਬਣਾ ਕੇ ਆਊਟ ਹੋਏ। ਅਗਲੇ ਹੀ ਓਵਰ 'ਚ ਰੂਟ ਵੀ 107 ਗੇਂਦਾਂ 'ਤੇ 25 ਰਨ ਦੀ ਪਾਰੀ ਖੇਡ ਆਪਣਾ ਵਿਕਟ ਗਵਾ ਬੈਠੇ। ਰਾਸ਼ਿਦ ਵੀ 4 ਰਨ ਬਣਾ ਕੇ ਪੈਵਲੀਅਨ ਪਰਤ ਗਏ। ਲੰਚ ਤੋਂ ਠੀਕ ਬਾਅਦ ਅਨਸਾਰੀ ਦਾ ਵਿਕਟ ਡਿੱਗਾ ਅਤੇ ਫਿਰ ਬਰੌਡ ਅਤੇ ਐਂਡਰਸਨ ਵੀ ਆਪਣੇ ਵਿਕਟ ਗਵਾ ਬੈਠੇ। ਇੰਗਲੈਂਡ ਦੀ ਟੀਮ ਦੂਜੀ ਪਾਰੀ 'ਚ 158 ਰਨ 'ਤੇ ਆਲ ਆਊਟ ਹੋ ਗਈ। 


  

 

ਟੀਮ ਇੰਡੀਆ ਦੀ ਫਿਰਕੀ ਹਿਟ 

 

ਟੀਮ ਇੰਡੀਆ ਲਈ ਅਸ਼ਵਿਨ ਅਤੇ ਜਯੰਤ ਯਾਦਵ ਨੇ 3-3 ਵਿਕਟ ਹਾਸਿਲ ਕੀਤੇ। ਜਡੇਜਾ ਅਤੇ ਸ਼ਮੀ ਨੇ 2-2 ਵਿਕਟ ਝਟਕੇ। ਜਡੇਜਾ ਨੇ ਦਮਦਾਰ ਗੇਂਦਬਾਜ਼ੀ ਕਰਦਿਆਂ 34 ਓਵਰਾਂ 'ਚ 35 ਰਨ ਦੇਕੇ 2 ਵਿਕਟ ਹਾਸਿਲ ਕੀਤੇ। ਇੰਗਲੈਂਡ ਦੀ ਟੀਮ ਲਈ ਕਲ ਕਪਤਾਨ ਐਲਿਸਟਰ ਕੁੱਕ ਨੇ ਅਰਧ-ਸੈਂਕੜਾ ਠੋਕਿਆ ਸੀ। 

  

 

ਵਿਰਾਟ ਬਣੇ ਜਿੱਤ ਦੇ ਹੀਰੋ 

 

ਟੀਮ ਇੰਡੀਆ ਲਈ ਪਹਿਲੀ ਪਾਰੀ 'ਚ ਸੈਂਕੜਾ (167 ਰਨ) ਅਤੇ ਦੂਜੀ ਪਾਰੀ 'ਚ ਅਰਧ-ਸੈਂਕੜਾ (81 ਰਨ) ਜੜਨ ਵਾਲੇ ਕਪਤਾਨ ਵਿਰਾਟ ਕੋਹਲੀ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ। ਵਿਰਾਟ ਕੋਹਲੀ ਆਸਰੇ ਟੀਮ ਇੰਡੀਆ 'ਵਿਰਾਟ' ਜਿੱਤ ਦਰਜ ਕਰਨ 'ਚ ਕਾਮਯਾਬ ਹੋਈ।