ਨਵੀਂ ਦਿੱਲੀ - 8 ਤੋਂ 18 ਦਸੰਬਰ ਤਕ ਲਖਨਊ ਵਿੱਚ ਹੋ ਰਹੇ ਹਾਕੀ ਦੇ ਜੂਨੀਅਰ ਵਿਸ਼ਵ ਕੱਪ ਲਈ ਕੈਨੇਡਾ ਦੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੇ ਐਲਾਨ ਤੋਂ ਬਾਅਦ ਪੰਜਾਬੀ ਭਾਈਚਾਰਾ ਬੇਹਦ ਖੁਸ਼ ਹੈ। ਟੀਮ ਦੇ 18 ਖਿਡਾਰੀਆਂ ਵਿੱਚੋਂ 10 ਖਿਡਾਰੀ ਸਿੱਖ ਹਨ। ਅੰਮ੍ਰਿਤ ਸਿੱਧੂ ਬੀ.ਸੀ., ਬਲਰਾਜ ਪਨੇਸਰ ਸਰੀ, ਗੰਗਾ ਸਿੰਘ ਟੋਰਾਂਟੋ, ਗੈਵਿਨ ਬੈਂਸ ਬੀ.ਸੀ., ਹਰਵੀਰ ਸਿੱਧੂ ਵਿਕਟੋਰੀਆ, ਇਕਵਿੰਦਰ ਗਿੱਲ ਸਰੀ, ਕਬੀਰ ਔਜਲਾ ਸਰੀ, ਪਰਮੀਤ ਗਿੱਲ ਬਰੈਂਪਟਨ, ਰਾਜਨ ਕਾਹਲੋਂ ਵੈਨਕੂਵਰ ਤੇ ਰੋਹਨ ਚੋਪੜਾ ਓਟਵਾ, ਪੰਜਾਬੀ ਪਿਛੋਕੜ ਦੇ ਹਨ। ਚਾਰ ਵਾਧੂ ਖਿਡਾਰੀਆਂ ਵਿੱਚੋਂ ਵੀ ਤਿੰਨ ਖਿਡਾਰੀ ਸਤਬੀਰ ਬਰਾੜ, ਸਾਹਿਬ ਸੂਰੀ ਅਤੇ ਟਾਰਜਨ ਸੰਧੂ ਪੰਜਾਬੀ ਮੂਲ ਦੇ ਰੱਖੇ ਗਏ ਹਨ। ਜਿਵੇਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਪਿਛੋਕੜ ਦੇ ਮੈਂਬਰਾਂ ਦਾ ਵਾਧਾ ਹੋਇਆ, ਉਵੇਂ ਕੈਨੇਡਾ ਦੀ ਫੀਲਡ ਹਾਕੀ ਟੀਮ 'ਚ ਵੀ ਪੰਜਾਬੀ ਪਿਛੋਕੜ ਦੇ ਖਿਡਾਰੀਆਂ ਦੀ ਚੜ੍ਹਤ ਹੋ ਰਹੀ ਹੈ। 
21 ਸਾਲ ਤੋਂ ਘੱਟ ਉਮਰ ਦੇ ਹਾਕੀ ਦੇ 22 ਜੂਨੀਅਰ ਖਿਡਾਰੀਆਂ ਵਿੱਚ 13 ਪੰਜਾਬੀ ਖਿਡਾਰੀਆਂ ਦਾ ਚੁਣੇ ਜਾਣਾ ਕਿਸੇ ਵੱਡੇ ਕਾਰਨਾਮੇ ਤੋਂ ਘੱਟ ਨਹੀਂ। ਉਂਝ ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ ਹਾਲੇ ਡੇਢ ਫੀਸਦੀ ਦੇ ਆਸ ਪਾਸ ਹੀ ਹੈ। ਆਈਸ ਹਾਕੀ ਵਿੱਚ ਕੈਨੇਡਾ ਵਿਸ਼ਵ ਜੇਤੂ ਹੈ ਜਦ ਕਿ ਫੀਲਡ ਹਾਕੀ ਵਿੱਚ ਵੀ ਕੈਨੇਡਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਵੇਖਦਾ ਹੈ। ਦੁਨੀਆ ਵਿੱਚ ਸਵਾ ਸੌ ਤੋਂ ਵੱਧ ਮੁਲਕ ਮੈਦਾਨੀ ਹਾਕੀ ਖੇਡਦੇ ਹਨ, ਉਨ੍ਹਾਂ ਵਿਚੋਂ 12 ਮੁਲਕਾਂ ਦੀਆਂ ਟੀਮਾਂ ਹੀ ਓਲੰਪਿਕ ਦਾ ਹਿੱਸਾ ਬਣਦੀਆਂ ਹਨ। ਕੈਨੇਡਾ ਦੀਆਂ ਹਾਕੀ ਟੀਮਾਂ ਓਲੰਪਿਕ ਤੋਂ ਇਲਾਵਾ ਵਿਸ਼ਵ ਹਾਕੀ ਕੱਪ ਵੀ ਖੇਡ ਚੁੱਕੀਆਂ ਹਨ। ਇੱਕ ਹੋਰ ਅਹਿਮ ਪ੍ਰਾਪਤੀ ਇਹ ਹੈ ਕਿ ਕੈਨੇਡਾ ਦੀ ਲਗਪਗ ਹਰੇਕ ਹਾਕੀ ਟੀਮ ਵਿੱਚ ਪੰਜਾਬੀ ਖਿਡਾਰੀ ਹੁੰਦਾ ਹੈ। ਬੀਜਿੰਗ-2008 ਓਲੰਪਿਕ ਖੇਡਾਂ ਲਈ ਜਿੱਥੇ ਭਾਰਤੀ ਹਾਕੀ ਟੀਮ ਕੁਆਲੀਫਾਈ ਨਾ ਕਰ ਸਕੀ, ਉਥੇ ਕੈਨੇਡਾ ਦੀ ਟੀਮ ਨੇ ਕੁਆਲੀਫਾਈ ਕੀਤਾ ਤੇ ਉਸ ਟੀਮ ਵਿੱਚ 4 ਖਿਡਾਰੀ ਪੰਜਾਬੀ ਮੂਲ ਦੇ ਵੀ ਸਨ। 
ਯਾਦ ਕਰਨਯੋਗ ਹੈ ਕਿ 2001 ਤੇ 2002 ਵਿੱਚ ਕੈਨੇਡਾ ਦੀ ਜਿਹੜੀ ਹਾਕੀ ਟੀਮ ਨੈਸ਼ਨਲ ਚੈਂਪੀਅਨ ਬਣੀ ਸੀ, ਉਹ ਬਰੈਂਪਟਨ ਸਪੋਰਟਸ ਕਲੱਬ ਦੀ ਸੀ ਤੇ ਉਸ ਦੇ ਸਾਰੇ ਖਿਡਾਰੀ ਪੰਜਾਬੀ ਸਰਦਾਰ ਸਨ। ਉਸੇ ਟੀਮ ਨੇ ਬਾਰਬੈਡੋਜ਼ ਵਿੱਚ ਹੋਏ ਪੈਨ ਅਮੈਰੀਕਨ ਹਾਕੀ ਕੱਪ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਖਿਡਾਰੀਆਂ ਨੂੰ ਆਪਣੇ ਕੰਮਾਂ ਦੀਆਂ ਦਿਹਾੜੀਆਂ ਹੀ ਨਹੀਂ ਭੰਨਣੀਆਂ ਪਈਆਂ ਸਗੋਂ ਪੱਲਿਓਂ ਖਰਚਾ ਵੀ ਕਰਨਾ ਪਿਆ। ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਕੈਨੇਡਾ ਵਿੱਚ ਫੀਲਡ ਹਾਕੀ ਦੇ ਖਿਡਾਰੀ ਮਹਿੰਗਾ ਸ਼ੌਕ ਪਾਲ ਰਹੇ ਹਨ ਜਦਕਿ ਉਨ੍ਹਾਂ ਨੂੰ ਕਬੱਡੀ ਖਿਡਾਰੀਆਂ ਵਾਂਗ ਡਾਲਰ ਨਹੀਂ ਮਿਲਦੇ।