CWG 2018: ਮਿਲੋ ਭਾਰਤ ਦੇ ਮੈਡਲ ਜੇਤੂਆਂ ਨੂੰ
ਭਾਰਤ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੇ ਚੰਗੇ ਪ੍ਰਦਰਸ਼ਨ ਸਦਕਾ ਤਗ਼ਮੇ ਜਿੱਤਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ। ਆਓ ਅੱਜ ਤੁਹਾਨੂੰ ਮਿਲਵਾਉਂਦੇ ਹਾਂ ਉਨ੍ਹਾਂ ਖਿਡਾਰੀਆਂ ਨਾਲ ਜੋ ਭਾਰਤ ਨੂੰ ਤਗ਼ਮਾ ਦਿਵਾਉਣ ਵਿੱਚ ਸਫ਼ਲ ਰਹੇ।
ਇਸ ਤੋਂ ਪਹਿਲਾਂ ਭਾਰ ਤੋਲਕ ਸਤੀਸ਼ ਕੁਮਾਰ ਸ਼ਿਵਲਿੰਗਮ 77 ਕਿੱਲੋ ਭਾਰ ਵਰਗ ਵਿੱਚ ਦੇਸ਼ ਲਈ ਸੋਨਾ ਜਿੱਤ ਚੁੱਕੇ ਸਨ।
ਭਾਰਤ ਦੀ ਮਹਿਲਾ ਟੇਬਲ ਟੈਨਿਸ ਟੀਮ ਨੇ ਪਹਿਲੀ ਵਾਰ ਕਾਮਨਵੈਲਥ ਗੇਮਜ਼ ਵਿੱਚ ਜਿੱਤ ਦਰਜ ਕੀਤੀ। ਟੀਮ ਨੇ ਇਤਿਹਾਸਕ ਸੋਨ ਤਗ਼ਮਾ ਜਿੱਤਿਆ।
ਲੁਧਿਆਣਾ ਦੇ ਵਿਕਾਸ ਠਾਕੁਰ ਨੇ 94 ਕਿੱਲੋ ਭਾਰ ਵਰਗ ਵਿੱਚ ਵੇਟ ਲਿਫ਼ਟਿੰਗ ਵਿੱਚ ਤੀਜੇ ਸਥਾਨ 'ਤੇ ਆਉਂਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ।
ਰਾਸ਼ਟਰਮੰਡਲ ਖੇਡਾਂ 2018 ਵਿੱਚ ਮੀਰਾਬਾਈ ਚਾਨੂੰ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤ ਕੇ ਲਿਆਈ। ਮੀਰਾਬਾਈ ਨੇ 48 ਕਿੱਲੋ ਭਾਰ ਸ਼੍ਰੇਣੀ ਵਿੱਚ ਪਹਿਲੇ ਹੀ ਦਿਨ ਤੋਨ ਤਗ਼ਮਾ ਜਿੱਤ ਲਿਆ ਸੀ।
ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਪੀ. ਗੁਰੂਰਾਜਾ ਨੇ 56 ਕਿੱਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਖਾਤਾ ਖੁੱਲ੍ਹਵਾਇਆ ਸੀ।
ਵੇਟਲਿਫ਼ਟਰ ਸੰਜੀਤਾ ਚਾਨੂੰ ਨੇ ਭਾਰ ਤੋਲਣ ਵਿੱਚ ਦੇਸ਼ ਦੂਜਾ ਸੋਨੇ ਦਾ ਤਗ਼ਮਾ ਜਿੱਤਿਆ। ਸੰਜੀਤਾ ਚਾਨੂੰ 53 ਕਿੱਲੋ ਭਾਰ ਵਰਗ ਵਿੱਚ ਖੇਡ ਰਹੀ ਸੀ।
ਅੱਲ੍ਹੜ ਉਮਰ ਦੇ ਜਵਾਨ ਦੀਪਕ ਲਾਠਰ ਸਭ ਤੋਂ ਛੋਟੀ ਉਮਰ ਦਾ ਭਾਰਤੀ ਵੇਟਲਿਫ਼ਟਰ ਬਣਿਆ ਜਿਸ ਨੇ ਤਗ਼ਮਾ ਜਿੱਤਿਆ। ਦੀਪਕ ਨੇ 69 ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਹਾਸਲ ਕੀਤਾ।
ਵੇਟਲਿਫ਼ਟਰ ਵੈਂਕਟ ਰਾਹੁਲ ਰਾਗਲਾ ਨੇ 85 ਕਿੱਲੋ ਭਾਰ ਵਰਗ ਵਿੱਚ ਦੇਸ਼ ਨੂੰ ਸੋਨ ਤਗ਼ਮਾ ਦਿਵਾਇਆ।
ਇਸੇ ਖੇਡ ਵਿੱਚ ਮਰਦਾਂ ਵਿੱਚੋਂ ਓਮ ਮਿੱਠਰਵਾਲ ਨੇ ਵੀ ਚਾਂਦੀ ਦਾ ਤਗ਼ਮਾ ਜਿੱਤਿਆ।
ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸ਼ੂਟਿੰਗ ਵਿੱਚ ਅਪੂਰਵੀ ਚੰਦੇਲਾ ਨੇ ਕਾਂਸੇ ਦੇ ਤਗ਼ਮੇ 'ਤੇ ਨਿਸ਼ਾਨਾ ਲਾਇਆ।
ਭਾਰ ਤੋਲਕ ਪਰਦੀਪ ਸਿੰਘ ਨੇ 105 ਕਿੱਲੋ ਭਾਰ ਵਰਗ ਵਿੱਚ ਦੇਸ਼ ਲਈ ਚਾਂਦੀ ਦਾ ਤਗ਼ਮਾ ਹਾਸਲ ਕੀਤਾ।
ਭਾਰ ਤੋਲਕ ਪੂਨਮ ਯਾਦਵ ਸੋਨ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਤੀਜੀ ਮਹਿਲਾ ਖਿਡਾਰਨ ਬਣ ਗਈ। ਉਨ੍ਹਾਂ 69 ਕਿੱਲੋ ਭਾਰ ਵਰਗ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।
ਪੁਰਸ਼ਾਂ ਦੇ 10 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਮੁਕਾਬਲੇ ਵਿੱਚ ਰਵੀ ਕੁਮਾਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ।
ਕਾਮਨਵੈਲਥ ਗੇਮਜ਼ ਦੇ 5ਵੇਂ ਦਿਨ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਜੀਤੂ ਰਾਏ ਨੇ ਸੋਨ ਤਗ਼ਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਜੀਤੂ ਦਾ ਇਹ ਦੂਜਾ ਸੋਨ ਤਗ਼ਮਾ ਹੈ।
ਔਰਤਾਂ ਦੇ 10 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਮੁਕਾਬਲੇ ਵਿੱਚ ਮੇਹੁਲੀ ਘੋਸ਼ ਨੇ ਚਾਂਦੀ ਦੇ ਤਗ਼ਮੇ 'ਤੇ ਨਿਸ਼ਾਨਾ ਲਾਇਆ।
10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਮਨੂੰ ਭਾਕਰ ਨੇ ਸੋਨੇ ਦਾ ਤਗ਼ਮਾ ਫੁੰਡਿਆ। ਇਸੇ ਮੁਕਾਬਲੇ ਵਿੱਚ ਭਾਰਤ ਦੀ ਹਿਨਾ ਸਿੱਧੂ ਨੇ ਚਾਂਦੀ ਦੇ ਤਗ਼ਮੇ 'ਤੇ ਨਿਸ਼ਾਨਾ ਲਾਇਆ।