ਕਾਨਪੁਰ - ਟੀਮ ਇੰਡੀਆ ਦੇ 500ਵੇਂ ਟੈਸਟ ਮੈਚ ਦੇ ਖਾਸ ਮੌਕੇ 'ਤੇ ਕਾਨਪੁਰ ਦੇ ਗਰੀਨ ਪਾਰਕ ਸਟੇਡੀਅਮ 'ਚ ਉੱਤਰ ਪ੍ਰਦੇਸ਼ ਦੇ ਗਵਰਨਰ ਰਾਮਨਈਕ ਨੇ ਕਪਿਲ ਦੇਵ, ਦਿਲੀਪ ਵੈਂਗਸਰਕਰ, ਸੁਨੀਲ ਗਵਾਸਕਰ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਅਤੇ ਮਹੇਂਦਰ ਸਿੰਘ ਧੋਨੀ ਸਮੇਤ ਸਾਬਕਾ ਟੈਸਟ ਕਪਤਾਨਾ ਨੂੰ ਸਨਮਾਨਿਤ ਕੀਤਾ। 


 

ਮੈਚ ਸ਼ੁਰੂ ਹੋਣ ਤੋਂ ਪਹਿਲਾਂ BCCI ਪ੍ਰਧਾਨ ਅਨੁਰਾਗ ਠਾਕੁਰ ਅਤੇ UPCA ਦੇ ਸਕੱਤਰ ਅਤੇ IPL ਚੇਅਰਮੈਨ ਰਾਜੀਵ ਸ਼ੁਕਲਾ ਦੀ ਮੌਜੂਦਗੀ 'ਚ ਇਹ ਸਨਮਾਨ ਸਮਾਰੋਹ ਹੋਇਆ। ਗਵਰਨਰ ਨੇ ਸਾਰੇ ਸਾਬਕਾ ਕਪਤਾਨਾ ਨੂੰ ਸ਼ਾਲ ਅਤੇ ਮੋਮੈਂਟੋ ਦੇਕੇ ਸਨਮਾਨਿਤ ਕੀਤਾ। ਸਾਬਕਾ ਮਹਿਲਾ ਕ੍ਰਿਕਟਰਸ ਨੂੰ ਵੀ ਸਨਮਾਨਿਤ ਕੀਤਾ ਗਿਆ। 


 

ਦਿਲੀਪ ਵੈਂਗਸਰਕਰ, ਕਪਿਲ ਦੇਵ, ਕੇ. ਸ਼੍ਰੀਕਾਂਤ, ਰਵੀ ਸ਼ਾਸਤਰੀ, ਮੋਹੰਮਦ ਅਜ਼ਹਰੂਦੀਨ, ਸੌਰਵ ਗਾਂਗੁਲੀ ਅਤੇ ਐਮ.ਐਸ. ਧੋਨੀ ਨੂੰ ਸਟੇਜ 'ਤੇ ਬੁਲਾਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੂਰਾ ਗਰੀਨ ਪਾਰਕ ਸਟੇਡੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉਠਿਆ। 


 

ਇਸਤੋਂ ਅਲਾਵਾ ਗਵਰਨਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਕੀਵੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਵੀ ਸਨਮਾਨਿਤ ਕੀਤਾ। ਹਾਲਾਂਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਹਲਕੀ ਬਰਸਾਤ ਨੇ ਦਰਸ਼ਕਾਂ ਨੂੰ ਪਰੇਸ਼ਾਨ ਜਰੂਰ ਕੀਤਾ ਪਰ ਜਲਦੀ ਹੀ ਮੈਚ ਸ਼ੁਰੂ ਹੋ ਗਿਆ। ਟਾਸ ਵਿਰਾਟ ਕੋਹਲੀ ਨੇ ਜਿੱਤਿਆ ਅਤੇ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। 500ਵੇਂ ਟੈਸਟ ਦੇ ਇਸ ਖਾਸ ਮੌਕੇ 'ਤੇ ਰਾਸ਼ਟਰਗਾਨ ਵੀ ਹੋਇਆ ਅਤੇ ਇਸ ਮੌਕੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵੀ ਭਾਵੁਕ ਨਜਰ ਆਏ।