ਨਵੀਂ ਦਿੱਲੀ - ਦੇਸ਼ ਦੀ ਪਹਿਲੀ ਮਹਿਲਾ ਓਲੰਪੀਅਨ ਭਲਵਾਨ ਗੀਤਾ ਫੋਗਾਟ ਅੱਜ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਗੀਤਾ ਦਾ ਵਿਆਹ ਅੱਜ (20 ਨਵੰਬਰ) ਹੋਣਾ ਹੈ। ਇਹ ਵਿਆਹ ਗੀਤਾ ਦੇ ਹਰਿਆਣਾ 'ਚ ਭਵਾਨੀ ਜਿਲੇ ਦੇ ਨਾਲ ਲਗਦੇ ਇਲਾਕੇ ਬਲਾਲੀ 'ਚ ਹੋਣਾ ਹੈ। 16 ਨਵੰਬਰ ਤੋਂ ਹੀ ਸੰਗੀਤ, ਮਹਿੰਦੀ ਅਤੇ ਕਈ ਹੋਰ ਰਸਮਾਂ ਸ਼ੁਰੂ ਹੋ ਗਈਆਂ ਸਨ। ਗੀਤਾ ਫੋਗਾਟ ਦੇ ਵਿਆਹ 'ਤੇ ਹਰਿਆਣਾ ਦੇ ਨਾਲ-ਨਾਲ ਦੇਸ਼ ਦੇ ਕਈ ਸੁਪਰਸਟਾਰ ਖਿਡਾਰੀ ਤਾਂ ਪਹੁੰਚ ਹੀ ਰਹੇ ਹਨ। ਨਾਲ ਹੀ ਬਾਲੀਵੁਡ ਸੁਪਰਸਟਾਰ ਆਮਿਰ ਖਾਨ ਵੀ ਇਸ ਵਿਆਹ ਦਾ ਹਿੱਸਾ ਬਣਨ ਜਾ ਰਹੇ ਹਨ। ਆਮਿਰ ਖਾਨ ਗੀਤਾ ਦੇ ਵਿਆਹ ਦਾ ਹਿੱਸਾ ਬਣਨ ਲਈ ਬਲਾਲੀ ਪਹੁੰਚ ਗਏ ਹਨ। 

  

 

ਗੀਤਾ ਫੋਗਾਟ ਦੇ ਪਿਤਾ ਮਹਾਵੀਰ ਫੋਗਾਟ 'ਤੇ ਬਣ ਰਹੀ ਫਿਲਮ 'ਦੰਗਲ' 'ਚ ਆਮਿਰ ਖਾਨ ਗੀਤਾ ਦੇ ਪਿਤਾ ਦੀ ਭੂਮਿਕਾ ਨਿਭਾਉਂਦੇ ਨਜਰ ਆਉਣਗੇ। ਪਰ ਗੀਤ ਦੇ ਵਿਆਹ ਤੋਂ ਬਾਅਦ ਓਹ ਜਲਦੀ ਹੀ ਮੈਦਾਨ 'ਤੇ ਵਾਪਸੀ ਕਰਨ ਲਈ ਤਿਆਰ ਹੈ। ਪ੍ਰੋ ਰੈਸਲਿੰਗ ਲੀਗ ਨੂੰ ਲੈਕੇ ਗੀਤਾ ਕਾਫੀ ਗੰਭੀਰ ਹੈ। ਗੀਤਾ ਪੂਰੀ ਮਜਬੂਤੀ ਨਾਲ ਇਸ ਲੀਗ 'ਚ ਦਾਵੇਦਾਰੀ ਪੇਸ਼ ਕਰਨਾ ਚਾਹੁੰਦੀ ਹੈ। ਇਸੇ ਕਾਰਨ ਉਨ੍ਹਾਂ ਨੇ 20 ਨਵੰਬਰ ਨੂੰ ਆਪਣੇ ਵਿਆਹ ਤੋਂ 3 ਦਿਨ ਬਾਅਦ ਹੀ ਫਿਰ ਅਖਾੜੇ 'ਚ ਵਾਪਸੀ ਕਰਨ ਦਾ ਮਨ ਬਣਾ ਲਿਆ ਹੈ। ਇਸਤੋਂ ਅਲਾਵਾ ਗੀਤਾ ਨੇ ਆਪਣੇ ਹਨੀਮੂਨ ਨੂੰ ਵੀ ਫਿਲਹਾਲ ਟਾਲ ਦਿੱਤਾ ਹੈ। 

  

 

ਗੀਤਾ ਨੇ ਵਿਆਹ ਤੋਂ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਓਹ ਆਪਣੇ ਵਿਆਹ ਤੋਂ ਇੱਕ ਦਿਨ ਪਹਿਲਾਂ ਤਕ ਭਲਵਾਨੀ ਦਾ ਅਭਿਆਸ ਜਾਰੀ ਰਖੇਗੀ ਅਤੇ ਵਿਆਹ ਤੋਂ 3 ਦਿਨ ਬਾਅਦ ਕੁਸ਼ਤੀ ਅਖਾੜੇ 'ਚ ਮੁੜ ਵਾਪਸੀ ਕਰ ਲਵੇਗੀ। ਗੀਤਾ ਦੇ ਘਰ 'ਚ ਹੀ ਬਣੇ ਅਖਾੜੇ 'ਚ ਇਹ ਭਲਵਾਨ ਆਪਣੇ ਪਿਤਾ ਦ੍ਰੋਣਾਚਾਰਿਆ ਅਵਾਰਡੀ ਮਹਾਵੀਰ ਫੋਗਾਟ ਦੀ ਦੇਖਰੇਖ 'ਚ ਭਲਵਾਨੀ ਦਾ ਅਭਿਆਸ ਕਰ ਰਹੀ ਹੈ। ਗੀਤਾ ਦੇ ਭਰਾ ਦੁਸ਼ਯੰਤ ਅਭਿਆਸ ਦੌਰਾਨ ਉਨ੍ਹਾਂ ਦੇ ਸਪਾਏਰਿੰਗ ਪਾਰਟਨਰ ਹੁੰਦੇ ਹਨ। 

  

 

ਗੀਤਾ ਦੇ ਪੂਰੇ ਪਰਿਵਾਰ ਦਾ ਇਸ ਵੇਲੇ ਇੱਕੋ ਟੀਚਾ ਹੈ ਕਿ ਗੀਤਾ ਇੱਕ ਵਾਰ ਫਿਰ ਤੋਂ ਆਪਣੇ ਭਾਰਵਰਗ 'ਚ ਚੋਟੀ 'ਤੇ ਕਾਬਿਜ਼ ਹੋਵੇ। ਕੁਝ ਸਾਲ ਪਹਿਲਾਂ ਤਕ ਗੀਤਾ ਫੋਗਾਟ ਦਾ ਹੀ ਸਿੱਕਾ ਚਲਦਾ ਸੀ ਪਰ ਪਿਛਲੇ ਲਗਭਗ 2 ਸਾਲ ਤੋਂ ਸਾਕਸ਼ੀ ਮਲਿਕ ਨਾਲ ਉਨ੍ਹਾਂ ਦੇ ਮੈਚ ਕਾਫੀ ਦਿਲਚਸਪ ਰਹੇ ਹਨ। ਰਿਓ ਓਲੰਪਿਕਸ 'ਚ ਮੈਡਲ ਜਿੱਤਣ ਤੋਂ ਬਾਅਦ ਸਾਕਸ਼ੀ ਨੇ ਬੁਲੰਦੀਆਂ ਹਾਸਿਲ ਕੀਤੀਆਂ ਹਨ ਅਤੇ ਗੀਤਾ ਦਾ ਨਾਮ ਦਾ ਚਰਚਾ ਘਟ ਗਿਆ। ਗੀਤਾ PWL 'ਚ ਚੰਗਾ ਪ੍ਰਦਰਸ਼ਨ ਕਰ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆਉਣਾ ਚਾਹੁੰਦੀ ਹੈ। ਇਸੇ ਕਾਰਨ ਗੀਤਾ ਨੇ ਫਿਲਹਾਲ ਆਪਣੇ ਹਨੀਮੂਨ ਤਕ ਨੂੰ ਟਾਲ ਦਿੱਤਾ ਹੈ।