ਵਿਸ਼ਾਖਾਪਟਨਮ - ਅਮਿਤ ਮਿਸ਼ਰਾ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ ਵਨਡੇ ਸੀਰੀਜ਼ 'ਚ ਧਮਾਕੇਦਾਰ ਖੇਡ ਵਿਖਾਇਆ। ਸਾਲ 2016 ਦੀ ਦੀਵਾਲੀ ਅਮਿਤ ਮਿਸ਼ਰਾ ਦੇ ਨਾਮ ਰਹੀ। ਇੱਕ ਪਾਸੇ ਅਮਿਤ ਮਿਸ਼ਰਾ ਨੇ ਸੀਰੀਜ਼ ਦੇ ਆਖਰੀ ਵਨਡੇ 'ਚ ਧਮਾਕੇਦਾਰ ਖੇਡ ਵਿਖਾ ਕੇ 'ਮੈਨ ਆਫ ਦ ਮੈਚ' ਦਾ ਖਿਤਾਬ ਆਪਣੇ ਨਾਮ ਕੀਤਾ। ਦੂਜੇ ਪਾਸੇ ਅਮਿਤ ਮਿਸ਼ਰਾ ਨੂੰ ਆਪਣੇ ਦਮਦਾਰ ਪ੍ਰਦਰਸ਼ਨ ਸਦਕਾ 'ਮੈਨ ਆਫ ਦ ਸੀਰੀਜ਼' ਵੀ ਚੁਣਿਆ ਗਿਆ। 

  

 

ਟੀਮ ਇੰਡੀਆ ਦੇ ਫਿਰਕੀ ਗੇਂਦਬਾਜ਼ ਅਮਿਤ ਮਿਸ਼ਰਾ ਨੇ ਵਿਸ਼ਾਖਾਪਟਨਮ 'ਚ ਖੇਡੇ ਗਏ ਸੀਰੀਜ਼ ਡਿਸਾਈਡਰ ਮੈਚ 'ਚ 18 ਰਨ ਦੇਕੇ 5 ਵਿਕਟ ਝਟਕੇ ਅਤੇ ਆਪਣੇ ਦਮਦਾਰ ਸਪੈਲ ਦੇ ਆਸਰੇ ਟੀਮ ਇੰਡੀਆ ਨੂੰ 190 ਰਨ ਨਾਲ ਮੈਚ ਜਿੱਤਣ 'ਚ ਮਦਦ ਕੀਤੀ। ਅਮਿਤ ਮਿਸ਼ਰਾ ਪੂਰੀ ਸੀਰੀਜ਼ ਦੌਰਾਨ ਟੀਮ ਇੰਡੀਆ ਦੇ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ। ਅਮਿਤ ਮਿਸ਼ਰਾ ਨੇ ਸੀਰੀਜ਼ ਦੇ 5 ਮੈਚਾਂ 'ਚ 44.5 ਓਵਰ ਕਰਵਾਏ ਜਿਸ 'ਚ ਉਨ੍ਹਾਂ ਨੇ 215 ਰਨ ਦੇਕੇ 15 ਵਿਕਟ ਹਾਸਿਲ ਕੀਤੇ। ਅਮਿਤ ਮਿਸ਼ਰਾ ਦੀ ਔਸਤ 14.33 ਦੀ ਸੀ ਜਦਕਿ ਇਕਾਨਮੀ ਰੇਟ 4.79 ਦਾ ਰਿਹਾ। 

  

 

ਦੋਨੇ ਟੀਮਾਂ ਦਾ ਕੋਈ ਹੋਰ ਗੇਂਦਬਾਜ਼ ਸੀਰੀਜ਼ 'ਚ 10 ਵਿਕਟ ਵੀ ਹਾਸਿਲ ਨਹੀਂ ਕਰ ਪਾਇਆ ਅਤੇ ਅਮਿਤ ਮਿਸ਼ਰਾ ਇਕੱਲੇ ਹੀ ਸੀਰੀਜ਼ 'ਚ 15 ਵਿਕਟ ਹਾਸਿਲ ਕਰਨ 'ਚ ਕਾਮਯਾਬ ਰਹੇ। ਇਹ ਸੀਰੀਜ਼ ਤਾਂ ਅਮਿਤ ਮਿਸ਼ਰਾ ਦੇ ਨਾਮ ਰਹੀ ਹੀ ਪਰ ਨਾਲ ਹੀ ਇਸ ਵਾਰ ਦੀ ਦੀਵਾਲੀ ਵੀ ਅਮਿਤ ਮਿਸ਼ਰਾ ਦੇ ਨਾਮ ਹੋ ਗਈ।