ਨਵੀਂ ਦਿੱਲੀ - ਭਾਰਤੀ ਟੈਨਿਸ ਖਿਡਾਰੀ ਸਾਕੇਤ ਮਾਏਨੇਨੀ ਨੇ ਸਪੇਨ ਦੇ ਖਿਲਾਫ ਡੇਵਿਸ ਕਪ ਮੁਕਾਬਲੇ ਦੇ ਪਹਿਲੇ ਡਿਨਰ ਦੇ ਦੌਰਾਨ ਆਪਣੀ ਗਰਲਫਰੈਂਡ ਸ਼੍ਰੀ ਲਕਸ਼ਮੀ ਅਨੁਮੋਲੁ ਨੂੰ ਪਰਪੋਜ਼ ਕਰ ਦਿੱਤਾ। ਮਾਏਨੇਨੀ ਲਈ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਜਵਾਬ 'ਹਾਂ' ਨਾਲ ਮਿਲਿਆ। ਸਾਕੇਤ ਮਾਏਨੇਨੀ ਦੇ ਅਚਾਨਕ ਅਜਿਹਾ ਕਰਨ ਤੋਂ ਡਿਨਰ 'ਤੇ ਮੌਜੂਦ ਸਭ ਲੋਕ ਹੈਰਾਨ ਹੋ ਗਏ। 


  

 

ਬੁਧਵਾਰ ਨੂੰ ਡੇਵਿਸ ਕਪ ਦੇ ਅਧਿਕਾਰਿਕ ਡਿਨਰ ਦੇ ਦੌਰਾਨ ਸਾਕੇਤ ਮਾਏਨੇਨੀ ਨੇ ਸ਼੍ਰੀ ਲਕਸ਼ਮੀ ਨੂੰ ਪਰਪੋਜ਼ ਕੀਤਾ। ਇਸਤੋਂ ਠੀਕ ਬਾਅਦ ਭਾਰਤੀ ਟੈਨਿਸ ਸੰਘ (AITA) ਨੇ ਇਸ ਜੋੜੇ ਲਈ ਕੇਕ ਮੰਗਵਾਇਆ। ਦਿੱਗਜ ਟੈਨਿਸ ਖਿਡਾਰੀ ਲੀਐਂਡਰ ਪੇਸ ਨੇ ਕਿਹਾ ਕਿ ਉਨ੍ਹਾਂ ਨੇ ਡੇਵਿਸ ਕਪ ਕਰੀਅਰ 'ਚ ਪਹਿਲੀ ਵਾਰ ਕਿਸੇ ਨੂੰ ਵਿਆਹ ਲਈ ਪਰਪੋਜ਼ ਕਰਦੇ ਵੇਖਿਆ ਹੈ। ਲੀਐਂਡਰ ਪੇਸ ਨੇ ਸਾਕੇਤ ਮਾਏਨੇਨੀ ਅਤੇ ਅਨੁਮੋਲੁ ਨਾਲ ਤਸਵੀਰ ਲਈ ਅਤੇ ਆਪਣੇ ਫੈਨਸ ਨਾਲ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਇਸ ਤਸਵੀਰ ਨੂੰ ਸਾਂਝਾ ਕੀਤਾ। ਭਾਰਤ ਅਤੇ ਸਪੇਨ ਵਿਚਾਲੇ ਡੇਵਿਸ ਕਪ ਗਰੁਪ ਪਲੇਆਫ ਦਾ ਮੁਕਾਬਲਾ ਸ਼ੁਕਰਵਾਰ ਤੋਂ ਸ਼ੁਰੂ ਹੋਵੇਗਾ।