IND vs USA: ਟੀ-20 ਵਿਸ਼ਵ ਕੱਪ ਦੇ 25ਵੇਂ ਮੈਚ ਵਿੱਚ ਭਾਰਤ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ ਬੁੱਧਵਾਰ ਨੂੰ ਨਸਾਓ ਕਾਊਂਟੀ ਕ੍ਰਿਕਟ ਸਟੇਡੀਅਮ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਮਰੀਕਾ ਨੇ 20 ਓਵਰਾਂ 'ਚ 8 ਵਿਕਟਾਂ 'ਤੇ 110 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ ਨੇ 18.2 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ।


ਅਰਸ਼ਦੀਪ ਸਿੰਘ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ


ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਲਈ ਸਰਵੋਤਮ ਪ੍ਰਦਰਸ਼ਨ ਕੀਤਾ। ਉਸ ਨੇ ਅਮਰੀਕਾ ਖ਼ਿਲਾਫ਼ ਸਿਰਫ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਰਵੀਚੰਦਰਨ ਅਸ਼ਵਿਨ ਨੇ ਮੀਰਪੁਰ 'ਚ ਵਿਸ਼ਵ ਕੱਪ-2014 'ਚ ਆਸਟ੍ਰੇਲੀਆ ਖਿਲਾਫ 11 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।


ਜ਼ਿਕਰ ਕਰ ਦਈਏ ਕਿ ਅਰਸ਼ਦੀਪ ਸਿੰਘ ਨੇ ਅਮਰੀਕਾ ਖਿਲਾਫ 4 ਵਿਕਟਾਂ ਲਈਆਂ, ਇਸ ਨਾਲ ਉਹ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਚੌਥਾ ਭਾਰਤੀ ਬਣ ਗਿਆ ਹੈ। ਉਸ ਨੇ 9 ਮੈਚਾਂ 'ਚ 17 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡ ਦਿੱਤਾ। ਬੁਮਰਾਹ ਨੇ ਟੀ-20 ਵਿਸ਼ਵ ਕੱਪ ਦੇ 13 ਮੈਚਾਂ 'ਚ 16 ਵਿਕਟਾਂ ਲਈਆਂ ਹਨ। ਉੱਥੇ ਹੀ ਅਰਸ਼ਦੀਪ ਸਿੰਘ ਟੀ-20 ਵਿਸ਼ਵ ਕੱਪ 'ਚ ਪਹਿਲੀ ਗੇਂਦ 'ਤੇ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ  ਗਏ ਹਨ। ਉੱਥੇ ਹੀ ਜੇਕਰ ਅਸੀਂ ਸਾਰੇ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਗੱਲ ਕਰੀਏ ਤਾਂ ਭੁਵਨੇਸ਼ਵਰ ਕੁਮਾਰ ਨੇ ਤਿੰਨ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ।


 ਸਭ ਤੋਂ ਵੱਧ ਵਾਰ ਜ਼ੀਰੋ 'ਤੇ ਆਊਟ ਹੋਣ ਵਾਲਾ ਚੌਥਾ ਭਾਰਤੀ ਵਿਰਾਟ


ਵਿਰਾਟ ਕੋਹਲੀ ਬੁੱਧਵਾਰ ਨੂੰ ਅਮਰੀਕਾ ਖਿਲਾਫ ਜ਼ੀਰੋ 'ਤੇ ਆਊਟ ਹੋ ਗਏ ਸਨ। ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਖਿਡਾਰੀਆਂ 'ਚ ਚੌਥੇ ਨੰਬਰ 'ਤੇ ਆ ਗਿਆ ਹੈ। ਕੋਹਲੀ 36ਵੀਂ ਵਾਰ ਜ਼ੀਰੋ 'ਤੇ ਆਊਟ ਹੋਏ। ਉਨ੍ਹਾਂ ਨੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ। ਜ਼ਹੀਰ ਖਾਨ ਇਸ ਲਿਸਟ 'ਚ ਟਾਪ 'ਤੇ ਹਨ। ਖਾਨ ਰਿਕਾਰਡ 43 ਵਾਰ ਜ਼ੀਰੋ ਉੱਤੇ ਆਊਟ ਹੋਏ।


ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਹੌਲੀ ਅਰਧ ਸੈਂਕੜੇ ਵਾਲੇ ਭਾਰਤੀ ਬਣੇ ਸੂਰਿਆ


ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਟੀਮ ਇੰਡੀਆ ਲਈ ਸਭ ਤੋਂ ਹੌਲੀ ਅਰਧ ਸੈਂਕੜਾ ਬਣਾਉਣ ਵਾਲੇ ਖਿਡਾਰੀ ਬਣੇ। ਉਨ੍ਹਾਂ ਨੇ ਅਮਰੀਕਾ ਖਿਲਾਫ 49 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ। ਕੋਹਲੀ ਨੇ ਸਾਲ 2021 'ਚ ਪਾਕਿਸਤਾਨ ਖਿਲਾਫ 45 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ।