ਨਵੀਂ ਦਿੱਲੀ - ਕਾਨਪੁਰ 'ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਜਾ ਰਿਹਾ ਘਰੇਲੂ ਸੀਰੀਜ਼ ਦਾ ਪਹਿਲਾ ਟੈਸਟ ਭਾਰਤੀ ਕ੍ਰਿਕਟ ਲਈ ਬੇਹਦ ਖਾਸ ਹੈ। ਇਹ ਭਾਰਤ ਦਾ 500ਵਾਂ ਟੈਸਟ ਹੈ। ਇਸ ਖਾਸ ਮੌਕੇ ਨੂੰ BCCI ਨੇ ਹੋਰ ਵੀ ਖਾਸ ਬਣਾ ਦਿੱਤਾ ਹੈ। ਭਾਰਤ ਲਈ ਅੱਜ ਤਕ ਕਪਤਾਨੀ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਇਸ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ। ਪਰ ਸਭ ਤੋਂ ਵੱਡੀ ਖੁਸ਼ੀ ਮੋਹੰਮਦ ਅਜ਼ਹਰੂਦੀਨ ਨੂੰ ਮਿਲੀ ਹੈ।
ਮੈਚ ਫਿਕਸਿੰਗ ਸਕੈਂਡਲ ਦੇ ਚਲਦੇ ਅਜ਼ਹਰ 'ਤੇ ਲਾਈਫ ਬੈਨ ਲਗਾਇਆ ਗਿਆ ਸੀ ਜਿਸਤੋਂ ਬਾਅਦ ਅਜ਼ਹਰ ਨੂੰ BCCI ਆਪਣੇ ਅਧਿਕਾਰਿਕ ਪ੍ਰੋਗਰਾਮਾਂ 'ਤੇ ਇਨਵਾਇਟ ਨਹੀਂ ਕਰ ਰਿਹਾ ਸੀ। ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਇਸ ਬੇਹਦ ਖਾਸ ਮੌਕੇ 'ਤੇ BCCI ਨੇ ਬਾਕੀ ਕਪਤਾਨਾਂ ਦੇ ਨਾਲ ਅਜ਼ਹਰ ਨੂੰ ਵੀ ਸਨਮਾਨਿਤ ਕੀਤਾ। ਸਨਮਾਨ ਹਾਸਿਲ ਕਰਦੇ ਹੋਏ ਅਜ਼ਹਰ ਵੀ ਭਾਵੁਕ ਲਗ ਰਹੇ ਸਨ। ਫਿਰ ਜਦ ਰਾਸ਼ਟਰਗਾਨ ਹੋਇਆ ਤਾਂ ਉਸ ਵੇਲੇ ਵੀ ਅਜ਼ਹਰ ਬਾਕੀ ਕਪਤਾਨਾ ਨਾਲ ਖੜੇ ਝੰਡੇ ਨੂੰ ਵੇਖਦੇ ਨਜਰ ਆਏ।
ਕਪਤਾਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਇਸ ਮੌਕੇ ਟਾਸ ਲਈ ਇੱਕ ਖਾਸ ਸਿੱਕਾ ਵੀ ਵਰਤਿਆ ਗਿਆ। ਇਸ ਸਿੱਕੇ ਦੇ ਇੱਕ ਪਾਸੇ 500 ਖੁਦਵਾਇਆ ਗਿਆ ਹੈ। ਇਹ ਸਿੱਕਾ ਭਾਰਤ ਦੇ 500ਵੇਂ ਟੈਸਟ ਦੀ ਯਾਦਗਾਰ ਵਜੋਂ ਵਰਤਿਆ ਜਾਵੇਗਾ। ਕਾਨਪੁਰ ਦਾ ਗਰੀਨ ਪਾਰਕ ਸਟੇਡੀਅਮ ਭਾਰਤ ਦੇ ਪਹਿਲੇ ਕ੍ਰਿਕਟ ਮੈਦਾਨਾਂ ਚੋਂ ਇੱਕ ਹੈ। ਚੇਪੌਕ, ਵਾਨਖੇੜੇ ਅਤੇ ਈਡਨ ਗਾਰਡਨਸ ਮੈਦਾਨ ਦੇ ਨਾਲ-ਨਾਲ ਗਰੀਨ ਪਾਰਕ ਸਟੇਡੀਅਮ ਵੀ ਦੇਸ਼ ਦੇ ਸਭ ਤੋਂ ਪੁਰਾਣੇ ਸਟੇਡੀਅਮਸ ਚੋਂ ਇੱਕ ਹੈ।
ਭਾਰਤ ਵਿਸ਼ਵ ਦਾ 6ਵਾਂ ਟੈਸਟ ਪਲੇਇੰਗ ਦੇਸ਼ ਬਣਿਆ ਸੀ। ਭਾਰਤ ਦੀ ਟੈਸਟ ਮੈਚਾਂ 'ਚ ਹੁਣ ਤਕ ਕੁਲ 32 ਖਿਡਾਰੀਆਂ ਨੇ ਕਪਤਾਨੀ ਕੀਤੀ ਹੈ। 500 ਟੈਸਟ ਮੈਚ ਖੇਡਣ ਵਾਲਾ ਭਾਰਤ ਵਿਸ਼ਵ ਦਾ ਚੌਥਾ ਦੇਸ਼ ਹੈ। ਇਸਤੋਂ ਪਹਿਲਾਂ ਇੰਗਲੈਂਡ (976), ਆਸਟ੍ਰੇਲੀਆ (791) ਅਤੇ ਵੈਸਟ ਇੰਡੀਜ਼ (517) ਦੀਆਂ ਟੀਮਾਂ ਨੇ 500 ਤੋਂ ਵਧ ਟੈਸਟ ਖੇਡੇ ਹਨ।