ਨੈਲਸਨ - ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਖਿਲਾਫ ਧਮਾਕੇਦਾਰ ਜਿੱਤ ਦਰਜ ਕੀਤੀ। ਨੈਲਸਨ 'ਚ ਖੇਡੇ ਗਏ ਵਨਡੇ ਮੈਚ 'ਚ ਨਿਊਜ਼ੀਲੈਂਡ ਦੀ ਦਮਦਾਰ ਗੇਂਦਬਾਜ਼ੀ ਅਤੇ ਧਾਕੜ ਬੱਲੇਬਾਜ਼ੀ ਸਾਹਮਣੇ ਪਾਕਿਸਤਾਨੀ ਟੀਮ ਫਿੱਕੀ ਸਾਬਿਤ ਹੋਈ। ਕੀਵੀ ਟੀਮ ਨੇ ਮੈਚ 7 ਵਿਕਟਾਂ ਨਾਲ ਜਿੱਤਿਆ।
ਪਾਕਿਸਤਾਨ - 158 ਆਲ ਆਊਟ
ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਾਕਿਸਤਾਨ ਲਈ ਸਲਾਮੀ ਬੱਲੇਬਾਜ ਆਇਸ਼ਾ ਜ਼ਫਰ ਨੇ ਅਰਧ-ਸੈਂਕੜਾ ਠੋਕਿਆ। ਪਰ ਬਾਕੀ ਦੀ ਖਿਡਾਰਨਾ ਵੱਡੀ ਪਾਰੀ ਖੇਡਣ 'ਚ ਨਾਕਾਮ ਰਹੀਆਂ। ਨਿਊਜ਼ੀਲੈਂਡ ਨੇ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੂੰ 48.1 ਓਵਰਾਂ 'ਚ 158 ਰਨ 'ਤੇ ਢੇਰ ਕਰ ਦਿੱਤਾ। ਨਿਊਜ਼ੀਲੈਂਡ ਲਈ ਹਡਲਸਟਨ ਨੇ ਦਮਦਾਰ ਗੇਂਦਬਾਜ਼ੀ ਕੀਤੀ ਅਤੇ 7.1 ਓਵਰਾਂ 'ਚ 20 ਰਨ ਦੇਕੇ 4 ਵਿਕਟ ਹਾਸਿਲ ਕੀਤੇ।
ਬੇਟਸ ਦਾ ਕਰਾਰਾ ਅਰਧ-ਸੈਂਕੜਾ
ਨਿਊਜ਼ੀਲੈਂਡ ਦੀ ਕਪਤਾਨ ਸੂਜ਼ੀ ਬੇਟਸ ਨੇ ਦਮਦਾਰ ਅਰਧ-ਸੈਂਕੜਾ ਠੋਕ ਨਿਊਜ਼ੀਲੈਂਡ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਬੇਟਸ ਨੇ 11 ਚੌਕਿਆਂ ਦੀ ਮਦਦ ਨਾਲ 52 ਗੇਂਦਾਂ 'ਤੇ 66 ਰਨ ਬਣਾਏ। ਸੋਫੀ ਡਿਵਾਇਨ ਨੇ 53 ਗੇਂਦਾਂ 'ਤੇ 54 ਰਨ ਦੀ ਪਾਰੀ ਖੇਡੀ। ਡਿਵਾਇਨ ਦੀ ਪਾਰੀ 'ਚ 6 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 4-0 ਦੀ ਲੀਡ ਹਾਸਿਲ ਕਰ ਲਈ ਹੈ।