ਕਾਨਪੁਰ - ਗਰੀਨ ਪਾਰਕ ਸਟੇਡੀਅਮ 'ਚ ਖੇਡੇ ਜਾ ਰਹੇ ਭਾਰਤ-ਨਿਊਜ਼ੀਲੈਂਡ ਟੈਸਟ 'ਚ ਟੀਮ ਇੰਡੀਆ 318 ਰਨ 'ਤੇ ਆਲ ਆਊਟ ਹੋ ਗਈ। ਰਵਿੰਦਰ ਜਡੇਜਾ ਦੇ  ਸ਼ਾਟਸ ਦੇ ਆਸਰੇ ਭਾਰਤੀ ਟੀਮ ਨੇ 300 ਰਨ ਅੰਕੜਾ ਪਾਰ ਕੀਤਾ। ਭਾਰਤੀ ਟੀਮ ਨੇ ਦਮਦਾਰ ਸ਼ੁਰੂਆਤ ਤੋਂ ਬਾਅਦ ਵਿਕਟਾਂ ਗਵਾਉਣ ਦਾ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਜੋ ਟੀਮ ਦੇ ਆਲ ਆਊਟ ਹੋਣ ਤੋਂ ਬਾਅਦ ਹੀ ਰੁਕਿਆ। 

  

 

ਵਿਜੈ-ਪੁਜਾਰਾ ਨੇ ਸੰਭਾਲਿਆ 


 

ਟੀਮ ਇੰਡੀਆ ਨੂੰ ਲੋਕੇਸ਼ ਰਾਹੁਲ, ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਦਮਦਾਰ ਸ਼ੁਰੂਆਤ ਦਿੱਤੀ। ਲੋਕੇਸ਼ ਰਾਹੁਲ ਨੇ ਖੁੱਲ ਕੇ ਸ਼ਾਟ ਖੇਡੇ ਅਤੇ 39 ਗੇਂਦਾਂ 'ਤੇ 32 ਰਨ ਬਣਾ ਕੇ ਆਊਟ ਹੋਏ। ਲੋਕੇਸ਼ ਰਾਹੁਲ ਦੀ ਪਾਰੀ 'ਚ 4 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਭਾਰਤ ਨੂੰ ਪਹਿਲਾ ਝਟਕਾ 42 ਰਨ ਦੇ ਸਕੋਰ 'ਤੇ ਲੱਗਾ। ਫਿਰ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਭਾਰਤ ਲਈ 112 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਟੀਮ ਨੂੰ 154 ਰਨ ਦੇ ਸਕੋਰ ਤਕ ਪਹੁੰਚਾਇਆ। ਪਰ ਇਸਤੋਂ ਬਾਅਦ ਭਾਰਤ ਨੇ 185 ਰਨ ਤਕ ਪਹੁੰਚਦਿਆਂ 4 ਵਿਕਟ ਗਵਾ ਦਿੱਤੇ। ਪਹਿਲਾਂ ਪੁਜਾਰਾ 62 ਰਨ ਦੀ ਪਾਰੀ ਖੇਡ ਆਊਟ ਹੋਏ। ਫਿਰ ਜਲਦੀ ਹੀ ਵਿਰਾਟ ਕੋਹਲੀ 9 ਰਨ ਬਣਾ ਕੇ ਆਊਟ ਹੋ ਗਏ। ਇਸਤੋਂ ਬਾਅਦ ਮੁਰਲੀ ਵਿਜੈ 65 ਰਨ ਬਣਾ ਕੇ ਪੈਵਲੀਅਨ ਪਰਤ ਗਏ। 


  


 

ਮਿਡਲ ਆਰਡਰ ਹੋਇਆ ਫਲਾਪ 

 

ਭਾਰਤੀ ਟੀਮ ਦੇ ਟਾਪ ਆਰਡਰ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੀ। ਪਰ ਭਾਰਤੀ ਟੀਮ ਦਾ ਮਿਡਲ ਆਰਡਰ ਫਲਾਪ ਹੋ ਗਿਆ। ਵਿਰਾਟ ਕੋਹਲੀ (9), ਅਜਿੰਕਿਆ ਰਹਾਣੇ (18) ਅਤੇ ਰੋਹਿਤ ਸ਼ਰਮਾ (35) ਵੱਡੀ ਪਾਰੀ ਖੇਡਣ 'ਚ ਨਾਕਾਮ ਰਹੇ। ਰਿਧੀਮਾਨ ਸਾਹਾ ਤਾਂ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ। ਅਸ਼ਵਿਨ ਨੇ 40 ਰਨ ਦੀ ਪਾਰੀ ਖੇਡ ਟੀਮ ਇੰਡੀਆ ਦੀ ਲੜਖੜਾਉਂਦੀ ਪਾਰੀ ਨੂੰ ਸੰਭਾਲਿਆ ਪਰ ਅਸ਼ਵਿਨ ਵੀ ਜਾਦਾ ਸਮਾਂ ਮੈਦਾਨ 'ਤੇ ਨਹੀਂ ਟਿਕ ਸਕੇ। ਟੀਮ ਇੰਡੀਆ ਨੇ ਪਹਿਲਾ ਦਿਨ 9 ਵਿਕਟਾਂ 'ਤੇ 291 ਰਨ ਬਣਾ ਕੇ ਖਤਮ ਕੀਤਾ ਸੀ। ਦੂਜੇ ਦਿਨ ਜਡੇਜਾ ਨੇ ਕੁਝ ਵੱਡੇ ਸ਼ਾਟ ਖੇਡੇ ਅਤੇ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 42 ਰਨ ਦੀ ਨਾਬਾਦ ਪਾਰੀ ਖੇਡ ਟੀਮ ਇੰਡੀਆ ਨੂੰ 318 ਰਨ ਤਕ ਪਹੁੰਚਾਇਆ। 


  

 


ਕੀਵੀ ਗੇਂਦਬਾਜ਼ ਹਿਟ 

 

ਨਿਊਜ਼ੀਲੈਂਡ ਦੀ ਟੀਮ ਲਈ ਬੋਲਟ ਅਤੇ ਸੈਂਟਨਰ ਨੇ ਦਮਦਾਰ ਖੇਡ ਵਿਖਾਇਆ। ਦੋਨੇ ਗੇਂਦਬਾਜ਼ਾਂ ਨੇ 3-3 ਵਿਕਟ ਹਾਸਿਲ ਕੀਤੇ। ਵੈਗਨਰ ਨੇ ਵੀ ਦਮਦਾਰ ਪ੍ਰਦਰਸ਼ਨ ਕਰਦਿਆਂ 2 ਵਿਕਟ ਝਟਕੇ। ਟਰੈਂਟ ਬੋਲਟ ਦੀ ਅੰਦਰ ਆਉਂਦੀ ਗੇਂਦ ਨੂੰ ਖੇਡਣ 'ਚ ਭਾਰਤੀ ਬੱਲੇਬਾਜਾਂ ਨੂੰ ਕਾਫੀ ਪਰੇਸ਼ਾਨੀ ਹੋਈ।