ਮੋਹਾਲੀ - 6ਵਾਂ ਵਰਲਡ ਕਬੱਡੀ ਵਰਲਡ ਕਪ 3 ਨਵੰਬਰ ਤੋਂ 18 ਨਵੰਬਰ ਤਕ ਖੇਡਿਆ ਜਾਵੇਗਾ। ਕਬੱਡੀ ਕਪ ਦਾ ਉਦਘਾਟਨ 3 ਨਵੰਬਰ ਨੂੰ ਰੂਪਨਗਰ ਵਿਖੇ ਹੋਵੇਗਾ ਅਤੇ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ 18 ਨਵੰਬਰ ਨੂੰ ਸੁਖਬੀਰ ਬਾਦਲ ਦੇ ਆਪਣੇ ਵਿਧਾਨ ਸਭਾ ਹਲਕੇ ਜਲਾਲਾਬਾਦ 'ਚ ਹੋਵੇਗਾ। ਵੀਰਵਾਰ ਤੋਂ ਰੋਪੜ ਚ ਸ਼ੁਰੂ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਲਈ ਪੰਜਾਬ ਸਰਕਾਰ ਸਰਕਾਰ ਸਮੇਤ ਪੂਰਾ ਪ੍ਰਸ਼ਾਸਕੀ ਤੰਤਰ ਪੱਬਾਂ ਭਾਰ ਹੈ, ਤਿਆਰੀਆਂ ਮੁਕੰਮਲ ਨੇ ਤੇ ਇਸ਼ਤਿਹਾਰਾਂ ਦੇ ਜ਼ਰੀਏ ਸੂਬਾ ਸਰਕਾਰ ਇਸ ਕਬੱਡੀ ਕੱਪ ਤੋਂ ਵੋਟ ਲਾਹਾ ਲੈਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਸਭ ਦੇ ਦਰਮਿਆਨ ਜੋ ਗੱਲ ਸਭ ਤੋਂ ਵੱਧ ਅਣਗੌਲੀ ਕੀਤੀ ਜਾ ਰਹੀ ਹੈ ਉਹ ਹੈ ਕਈ ਦੇਸ਼ਾਂ ਦੀਆਂ ਕਬੱਡੀ ਟੀਮਾਂ ਵੱਲੋਂ ਕਬੱਡੀ ਕੱਪ ਦਾ ਬਾਈਕਾਟ। ਕਾਰਨ ਹੈ ਪੰਜਾਬ ਚ ਲਗਾਤਾਰ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨਾ ਫੜੇ ਜਾਣ ਦਾ ਰੋਸ। 

  

ਜਾਰੀ ਕੀਤੇ ਗਏ ਸ਼ੀਡੀਊਲ ਮੁਤਾਬਿਕ ਇੰਗਲੈਂਡ, ਅਮਰੀਕਾ ਅਤੇ ਕਨੇਡਾ ਦੀਆਂ ਟੀਮਾਂ ਇਸ ਟੂਰਨਾਮੈਂਟ 'ਚ ਹਿੱਸਾ ਤਾਂ ਲੈ ਰਹੀਆਂ ਹਨ। ਪਰ ਇਹ ਟੂਰਨਾਮੈਂਟ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਅਸਲ ਅਤੇ ਮਜਬੂਤ ਟੀਮਾਂ ਹਨ ਜਾਂ ਇਨ੍ਹਾਂ ਦੇਸ਼ਾਂ ਦੀਆਂ 'ਬੀ' ਟੀਮਾਂ ਹਿੱਸਾ ਲੈਣ ਪੁੱਜੀਆਂ ਹਨ। ਇਸਤੋਂ ਪਹਿਲਾਂ ਆਈਆਂ ਖਬਰਾਂ ਅਤੇ ਜਾਣਕਾਰੀ ਅਨੁਸਾਰ ਇਸ ਰੋਸ ਵਜੋਂ ਯੂਰਪ, ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਕਬੱਡੀ ਫੈਡਰੇਸ਼ਨਾਂ ਵੱਲੋਂ ਵਿਸ਼ਵ ਕਬੱਡੀ ਕੱਪ-2016 ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ। ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਕੈਨੇਡਾ (ਬੀਸੀ ਤੇ ਅਲਬਰਟਾ) ਦੇ ਪ੍ਰਧਾਨ ਲਾਲੀ ਢੇਸੀ, ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਪ੍ਰਧਾਨ ਜੈਸ ਸੋਹਲ, ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਆਫ USA ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ, UK ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਢੰਡਾ, ਇੰਗਲੈਂਡ ਕਬੱਡੀ ਫੈਡਰੇਸ਼ਨ ਆਫ UK ਦੇ ਪ੍ਰਧਾਨ ਗੋਲਡੀ ਸੰਧੂ ਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਨਾਲ ਨਾਲ ਸਾਂਝੀ ਯੂਰਪ ਕਬੱਡੀ ਫੈਡਰੇਸ਼ਨ ਦੇ ਨੁਮਾਇੰਦੇ ਰਘਵੀਰ ਸਿੰਘ ਕਹਾਲੋ, ਪਿੰਕਾ ਸੇਖੋਂ ਅਤੇ ਜੱਗਾ ਦਿਓਲ ਨੇ ਮੀਡੀਆ ਦੇ ਨਾਂ ਜਾਰੀ ਇੱਕ ਸਾਂਝੇ ਬਿਆਨ 'ਚ ਆਖਿਆ ਕਿ ਬੀਤੇ ਇੱਕ ਸਾਲ ਦੌਰਾਨ ਪੰਜਾਬ ਦੇ ਬਰਗਾੜੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪੰਜਾਬ ਵਿੱਚ ਹੀ ਲਗਭਗ 87 ਥਾਵਾਂ ਤੇ ਹੋਰ ਬੇਅਦਬੀ ਦੀ ਘਿਨੌਣੀ ਸਾਜਿਸ਼ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ ਪਰ ਇੱਕ ਵੀ ਮਾਮਲੇ 'ਚ ਸਰਕਾਰੀ ਤੇ ਕਾਨੂੰਨੀ ਤੰਤਰ ਦੋਸ਼ੀਆਂ ਨੂੰ ਫੜਨ ਚ ਕਾਮਯਾਬ ਨਹੀਂ ਹੋ ਸਕਿਆ ਤੇ ਨਾ ਹੀ ਬੇਅਦਬੀ ਰੋਕਣ ਲਈ ਕੋਈ ਠੋਸ ਕਦਮ ਚੁੱਕੇ ਜਾ ਰਹੇ ਨੇ,  ਜਿਸ ਕਾਰਨ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਚ ਬਹੁਤ ਰੋਸ ਹੈ ਤੇ ਇਸੇ ਰੋਸ 'ਚ ਉਕਤ ਕਬੱਡੀ ਜਥੇਬੰਦੀਆਂ ਵੱਲੋਂ ਵਿਸ਼ਵ ਕਬੱਡੀ ਕੱਪ-2016 ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ, ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਤੇ ਇਰਾਨ ਦੀਆਂ ਟੀਮਾਂ ਵੀ ਪੰਜਾਬ ਵਿਸ਼ਵ ਕਬੱਡੀ ਕੱਪ ਵਿੱਚ ਖੇਡਣ ਨਹੀਂ ਜਾ ਰਹੀਆਂ। 

  


ਉਕਤ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜੀਆਂ ਟੀਮਾਂ ਤੇ ਖਿਡਾਰੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੱਪ ਵਿਚ ਹਿੱਸਾ ਲੈਣਗੇ ਉਸਨੂੰ ਕੈਨੇਡਾ, ਯੂਰਪ, ਅਮਰੀਕਾ ਅਤੇ ਇੰਗਲੈਂਡ ਵਿਖੇ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਦੌਰਾਨ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾਲ ਹੀ ਉਨਾਂ ਇਹ ਵੀ ਸਾਫ ਕੀਤਾ ਜੇਕਰ ਕੈਨੇਡਾ, ਯੂਰਪ, ਅਮਰੀਕਾ ਅਤੇ ਇੰਗਲੈਂਡ 'ਚੋਂ ਕੋਈ ਹੋਰ ਵਿਅਕਤੀ ਇਨਾਂ ਮੁਲਕਾਂ ਦੇ ਨਾਮ 'ਤੇ ਟੀਮ ਬਣਾ ਕੇ ਪੰਜਾਬ ਵਿਸ਼ਵ ਕਬੱਡੀ ਕੱਪ ਵਿਚ ਲੈ ਕੇ ਗਿਆ ਤਾਂ ਉਸਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਉਸਦੇ ਕਿਸੇ ਵੀ ਖੇਡ ਮੈਦਾਨ 'ਚ ਦਾਖਲ ਹੋਣ 'ਤੇ ਪਾਬੰਦੀ ਹੋਵੇਗੀ। ਕਬੱਡੀ ਫੈਡਰੇਸ਼ਨਾਂ ਦੇ ਇਸ ਫੈਸਲੇ ਦਾ ਯੂਨਾਈਟਿਡ ਖਾਲਸਾ ਦਲ ਯੂਕੇ ਨੇ ਸੁਆਗਤ ਕੀਤਾ ਹੈ। ਪੁਰਸ਼ਾਂ ਦੀ ਕਬੱਡੀ 'ਚ ਕੁਲ 12 ਦੇਸ਼ਾਂ ਦੀਆਂ ਟੀਮਾਂ ਦੇ ਦੋ ਪੂਲ ਹੋਣਗੇ ਅਤੇ ਕਬੱਡੀ ਕੱਪ ਜਿੱਤਣ ਵਾਲੀ ਟੀਮ ਨੂੰ 2 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਔਰਤਾਂ ਦੀ ਕਬੱਡੀ 'ਚ 8 ਦੇਸ਼ਾਂ ਦੀਆਂ ਟੀਮਾਂ ਦੇ ਦੋ ਪੂਲ ਹੋਣਗੇ ਅਤੇ ਜੇਤੂ ਮਹਿਲਾ ਟੀਮ ਨੂੰ 1 ਕਰੋੜ ਰੁਪਏ ਦਾ ਇਨਾਮ ਹਾਸਿਲ ਹੋਵੇਗਾ। ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਹੋਣ ਵਾਲੇ ਮੈਚਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਟੂਰਨਾਮੈਂਟ ਦੌਰਾਨ ਰੂਪਨਗਰ, ਗੁਰਦਾਸਪੁਰ, ਡਰੋਲੀ ਭਾਈ ਮੋਗਾ, ਚੋਹਲਾ ਸਾਹਿਬ ਤਰਨਤਾਰਨ, ਦਿੜਬਾ ਸੰਗਰੂਰ, ਆਦਮਪੁਰ ਜਲੰਧਰ, ਲੁਧਿਆਣਾ, ਅਮ੍ਰਿਤਸਰ, ਬਰਨਾਲਾ, ਬੇਗੋਵਾਲ ਕਪੂਰਥਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ 'ਚ ਮੁਕਾਬਲੇ ਖੇਡੇ ਜਾਣਗੇ। 

  



ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਨਵੰਬਰ-ਦਸੰਬਰ ਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ-2015 ਦਾ ਵਿਦੇਸ਼ੀ ਕਬੱਡੀ ਟੀਮਾਂ ਸਮੇਤ ਭਾਰਤੀ ਟੀਮ ਨੇ ਬੇਅਦਬੀ ਦੇ ਰੋਸ ਵਜੋਂ ਬਾਈਕਾਟ ਕੀਤਾ ਸੀ ਤੇ ਛਿੱਥੀ ਪਈ ਸਰਕਾਰ ਨੇ ਇਹ ਕਹਿੰਦਿਆਂ ਕਬੱਡੀ ਕੱਪ ਰੱਦ ਕਰ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਚ ਇਸ ਵਾਰ ਕਬੱਡੀ ਕੱਪ ਨਹੀਂ ਕਰਵਾਇਆ ਜਾਵੇਗਾ। ਸੋ, ਅੱਜ ਕਬੱਡੀ ਕੱਪ ਦੀ ਸ਼ੁਰੂਆਤ ਨਾਲ ਸਾਫ ਹੋ ਜਾਵੇਗਾ ਕਿ ਕਬੱਡੀ ਕੱਪ ਚ ਕਿਹੜੇ ਵਿਦੇਸ਼ੀ ਮੁਲਕਾਂ ਦੀਆਂ ਕਿੰਨੀਆਂ ਟੀਮਾਂ ਹਿੱਸਾ ਲੈਣਗੀਆਂ।