ਨਵੀਂ ਦਿੱਲੀ - ਵਿਸ਼ਵ ਦਾ ਸਭ ਤੋਂ ਤੇਜ਼ ਧਾਵਕ ਧੀਮਾ ਹੋ ਗਿਆ ਹੈ। ਦਿੱਗਜ ਸਪ੍ਰਿੰਟਰ ਉਸੈਨ ਬੋਲਟ ਨੇ ਕਿਹਾ ਹੈ ਕਿ ਆਪਣੇ ਆਖਰੀ ਸੀਜ਼ਨ 'ਚ ਉਨ੍ਹਾਂ ਦੀ 200 ਮੀਟਰ ਈਵੈਂਟ 'ਚ ਭੱਜਣ ਦੀ ਯੋਜਨਾ ਨਹੀਂ ਹੈ। ਬੋਲਟ ਦਾ ਮੰਨਣਾ ਹੈ ਕਿ ਹੁਣ ਓਹ 19.19 ਸੈਕਿੰਡ ਦਾ ਬਣਾਇਆ ਆਪਣਾ ਵਿਸ਼ਵ ਰਿਕਾਰਡ ਤੋੜਨ ਦੀ ਸਥਿਤੀ 'ਚ ਨਹੀਂ ਹਨ। 6ਵੀਂ ਵਾਰ IAAF ਦਾ ਸਾਲ ਦਾ ਬੈਸਟ ਪੁਰੁਸ਼ ਅਥਲੀਟ ਦਾ ਪੁਰਸਕਾਰ ਹਾਸਿਲ ਕਰਨ ਤੋਂ ਬਾਅਦ 30 ਸਾਲ ਦੇ ਬੋਲਟ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਓਹ ਰਿਓ ਓਲੰਪਿਕਸ 'ਚ 19.19 ਦੇ ਆਪਣੇ ਵਿਸ਼ਵ ਰਿਕਾਰਡ ਨੂੰ ਤੋੜਨ 'ਚ ਕਾਮਯਾਬ ਹੋਣਗੇ। ਪਰ ਹੁਣ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਪੈਰਾਂ 'ਚ ਇੰਨੀ ਜਾਨ ਨਹੀਂ ਰਹੀ ਕਿ ਓਹ ਰਿਕਾਰਡ ਤੋੜ ਦੇਣ।
ਰਿਓ 'ਚ ਬੋਲਟ ਦਾ ਕਮਾਲ
ਓਲੰਪਿਕਸ 'ਚ ਜਮੈਕਾ ਦੇ ਉਸੈਨ ਬੋਲਟ ਇੱਕ ਵਾਰ ਫਿਰ ਤੋਂ ਵਿਸ਼ਵ ਦੇ ਸਭ ਤੋਂ ਤੇਜ਼ ਧਾਵਕ ਬਣ ਕੇ ਉਭਰੇ। ਰੀਓ ਓਲੰਪਿਕਸ 'ਚ ਉਸੈਨ ਬੋਲਟ ਨੇ ਓਹ ਕਰ ਦਿੱਤਾ ਜੋ ਪਿਛਲੇ 120 ਸਾਲ 'ਚ ਨਹੀਂ ਹੋਇਆ। ਬੋਲਟ ਨੇ ਓਲੰਪਿਕਸ ਦੇ 14ਵੇਂ ਦਿਨ ਇਤਿਹਾਸ ਰਚਦਿਆਂ 4 ਗੁਨਾ 100 ਮੀਟਰ ਰਿਲੇ 'ਚ ਗੋਲਡ ਮੈਡਲ ਜਿੱਤਿਆ। ਇਸ ਈਵੈਂਟ 'ਚ ਬੋਲਟ ਨੇ ਆਪਣੇ 3 ਸਾਥੀਆਂ ਨਾਲ ਮਿਲਕੇ 37.27 ਸੈਕਿੰਡਸ ਦਾ ਸਮਾਂ ਦੇਕੇ ਬਾਜ਼ੀ ਮਾਰੀ।
ਇਸਤੋਂ ਪਹਿਲਾਂ ਕੱਲ ਬੋਲਟ ਨੇ 200 ਮੀਟਰ ਦੌੜ 'ਚ ਜਿੱਤ ਦਰਜ ਕੀਤੀ। 200 ਮੀਟਰ ਦੌੜ 'ਚ ਬੋਲਟ ਨੇ 19.78 ਸੈਕਿੰਡਸ ਦਾ ਸਮਾਂ ਦਿੱਤਾ। ਰੀਓ ਓਲੰਪਿਕਸ 'ਚ 100 ਮੀਟਰ ਦੌੜ 'ਚ ਬੋਲਟ ਨੇ 9.81 ਸੈਕਿੰਡਸ ਦਾ ਸਮਾਂ ਦਿੰਦੇ ਹੋਏ ਗੋਲਡ ਮੈਡਲ 'ਤੇ ਕਬਜਾ ਜਮਾਇਆ ਸੀ। ਮਾਡਰਨ ਓਲੰਪਿਕਸ 'ਚ ਬੋਲਟ ਪਹਿਲੇ ਅਥਲੀਟ ਬਣ ਗਏ ਜੋ ਲਗਾਤਾਰ 3 ਓਲੰਪਿਕਸ 'ਚ 100 ਮੀਟਰ ਦੌੜ ਅਤੇ 200 ਮੀਟਰ ਦੌੜ ਅਤੇ 4 ਗੁਨਾ 100 ਮੀਟਰ ਦੌੜ ਦਾ ਖਿਤਾਬ ਜਿੱਤਣ 'ਚ ਕਾਮਯਾਬ ਹੋਏ। ਮਾਡਰਨ ਓਲੰਪਿਕਸ ਦੇ 120 ਸਾਲ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ।