ਨਵੀਂ ਦਿੱਲੀ - ਨੈਸ਼ਨਲ ਹਾਕੀ ਟੀਮ ਦੇ ਕਪਤਾਨ ਪੀ.ਆਰ. ਸ਼੍ਰੀਜੇਸ਼ ਨੇ ਏਸ਼ੀਅਨ ਚੈਂਪੀਅਨਸ ਟਰਾਫੀ 'ਚ ਮਿਲੀ ਜਿੱਤ ਨੂੰ ਉਰੀ ਹਮਲੇ 'ਚ ਮਾਰੇ ਗਏ ਭਾਰਤੀ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਰਪਿਤ ਕੀਤਾ ਹੈ। ਮਲੇਸ਼ੀਆ 'ਚ ਖਿਤਾਬੀ ਜਿੱਤ ਤੋਂ ਬਾਅਦ ਟੀਮ ਨਾਲ ਵਤਨ ਪਰਤਣ ਤੋਂ ਬਾਅਦ ਕਪਤਾਨ ਨੇ ਕਿਹਾ 'ਇਹ ਉਨ੍ਹਾਂ ਲਈ ਦੀਵਾਲੀ ਦਾ ਤੋਹਫਾ ਹੈ, ਜਿਨ੍ਹਾਂ ਨੇ ਦੇਸ਼ ਦੀ ਰਖਿਆ ਕਰਦਿਆਂ ਆਪਣੇ ਜੀਵਨ ਦਾ ਬਲੀਦਾਨ ਕਰ ਦਿੱਤਾ।'
ਭਾਰਤੀ ਹਾਕੀ ਟੀਮ ਨੇ ਦੀਵਾਲੀ ਦੇ ਦਿਨ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ। ਭਾਰਤੀ ਹਾਕੀਟੀਮ ਨੇ ਪਾਕਿਸਤਾਨ ਨੂੰ ਮਾਤ ਦੇਕੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਆਪਣੇ ਨਾਮ ਕਰ ਲਿਆ। ਭਾਰਤ ਨੇ ਖਿਤਾਬੀ ਮੈਚ 'ਚ 3-2 ਦੇ ਫਰਕ ਨਾਲ ਬਾਜ਼ੀ ਮਾਰੀ।
ਰੁਪਿੰਦਰਪਾਲ ਸਿੰਘ ਨੇ ਮੈਚ ਦੇ 18ਵੇਂ ਮਿਨਟ 'ਚ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰ ਭਾਰਤ ਨੂੰ 1-0 ਦੀ ਲੀਡ ਹਾਸਿਲ ਕਰਵਾਈ। ਇਸਤੋਂ ਬਾਅਦ ਅਫਾਨ ਯੂਸਫ ਨੇ 23ਵੇਂ ਮਿਨਟ 'ਚ ਗੋਲ ਕਰ ਭਾਰਤ ਨੂੰ 2-0 ਦੀ ਲੀਡ ਹਾਸਿਲ ਕਰਵਾ ਦਿੱਤੀ। ਪਰ ਫਿਰ ਮੈਚ ਦੇ 26ਵੇਂ ਮਿਨਟ 'ਚ ਮੋਹੰਮਦ ਅਲੀਮ ਬਿਲਾਲ ਨੇ ਗੋਲ ਕੀਤਾ ਅਤੇ 38ਵੇਂ ਮਿਨਟ 'ਚ ਅਲੀ ਸ਼ਾਨ ਨੇ ਗੋਲ ਕਰ ਪਾਕਿਸਤਾਨ ਨੂੰ 2-2 ਦੀ ਬਰਾਬਰੀ 'ਤੇ ਲਿਆ ਖੜਾ ਕੀਤਾ।
ਭਾਰਤੀ ਦਰਸ਼ਕ ਇਸੇ ਉਡੀਕ 'ਚ ਸਨ ਕਿ ਟੀਮ ਇੰਡੀਆ ਕਦ ਦੁਬਾਰਾ ਲੀਡ ਹਾਸਿਲ ਕਰੇ ਅਤੇ ਦੀਵਾਲੀ ਦੇ ਜਸ਼ਨ ਨੂੰ ਦੁੱਗਣਾ ਕਰ ਦਵੇ। ਭਾਰਤੀ ਦਰਸ਼ਕਾਂ ਦੀ ਉਡੀਕ ਨੂੰ ਨਿਕਿਨ ਥੀਮਈਆ ਨੇ 51ਵੇਂ ਮਿਨਟ 'ਚ ਖਤਮ ਕੀਤਾ। ਥੀਮਈਆ ਦੇ ਗੋਲ ਤੋਂ ਬਾਅਦ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਭਾਰਤ ਨੇ ਮੈਚ 3-2 ਦੇ ਫਰਕ ਨਾਲ ਆਪਣੇ ਨਾਮ ਕਰ ਲਿਆ। ਇਹ ਦੂਜਾ ਮੌਕਾ ਹੈ ਜਦ ਭਾਰਤ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਆਪਣੇ ਨਾਮ ਕੀਤਾ ਹੈ।