ਨਵੀਂ ਦਿੱਲੀ: IPL ਦੇ 13ਵੇਂ ਸੀਜ਼ਨ ਦੀ ਸ਼ੁਰੂਆਤ 19 ਸਤੰਬਰ ਤੋਂ ਹੋਣੀ ਹੈ ਪਰ ਚੇਨਈ ਸੁਪਰਕਿੰਗਜ਼ ਦੇ ਖਿਡਾਰੀ ਸਮੇਤ 12 ਮੈਂਬਰਾਂ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਕਾਰਨ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਅਜਿਹੀਆਂ ਕਿਆਸਰਾਈਆਂ ਹਨ ਕਿ ਕੋਰੋਨਾ ਕੇਸਾਂ ਕਾਰਨ CSK ਨੂੰ ਓਪਨਿੰਗ ਮੈਚ 'ਚੋਂ ਬਾਹਰ ਰੱਖਿਆ ਜਾ ਸਕਦਾ ਹੈ। ਧੋਨੀ ਦੀ ਅਗਵਾਈ ਵਾਲੀ CSK ਪਿਛਲੇ ਸੀਜ਼ਨ ਦੀ ਉਪ ਜੇਤੂ ਰਹੀ ਹੈ।


BCCI ਨੇ 19 ਸਤੰਬਰ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਸ਼ੈਡਿਊਲ ਹੁਣ ਤਕ ਜਾਰੀ ਨਹੀਂ ਕੀਤਾ ਹੈ। ਹਾਲਾਂਕਿ IPL ਦਾ ਸ਼ੁਰੂਆਤੀ ਮੈਚ ਪਿਛਲੇ ਸੀਜ਼ਨ ਦੀ ਜੇਤੂ ਤੇ ਉਪ ਜੇਤੂ ਟੀਮ ਵਿਚਾਲੇ ਖੇਡਿਆ ਜਾਂਦਾ ਹੈ। BCCI ਨੇ ਪਹਿਲਾਂ ਜੋ ਸ਼ੈਡਿਊਲ ਜਾਰੀ ਕੀਤਾ ਸੀ, ਉਸ 'ਚ IPL 13 ਦਾ ਆਗਾਜ਼ ਮੁੰਬਈ ਇੰਡੀਅਨ ਤੇ ਚੇਨਈ ਸੁਪਰਕਿੰਗਜ਼ ਵਿਚਾਲੇ ਹੋਣਾ ਸੀ।


ਚੇਨਈ ਸੁਪਰਕਿੰਗਜ਼ ਦੀਆਂ ਮੁਸ਼ਕਲਾਂ ਦੇਖਕੇ BCCI ਨਵੀਂ ਯੋਜਨਾ ਬਣਾ ਰਿਹਾ ਹੈ। ਰਿਪੋਰਟਾਂ ਮੁਤਾਬਕ ਬੀਸੀਸੀਆਈ ਧੋਨੀ ਦੀ ਟੀਮ ਨੂੰ ਜ਼ਿਆਦਾ ਸਮਾਂ ਦੇਣ 'ਤੇ ਵਿਚਾਰ ਕਰ ਰਿਹਾ ਹੈ। ਸੀਐਸਕੇ ਦੀ ਟ੍ਰੇਨਿੰਗ 28 ਅਗਸਤ ਤੋਂ ਸ਼ੁਰੂ ਹੋਣੀ ਸੀ ਪਰ 12 ਮੈਂਬਰ ਕੋਰੋਨਾ ਪੌਜ਼ੇਟਿਵ ਪਾਏ ਜਾਣ ਕਾਰਨ 4 ਸਤੰਬਰ ਤਕ ਧੋਨੀ ਦੀ ਟੀਮ ਕੁਆਰੰਟੀਨ ਰਹੇਗੀ। ਸਾਰੇ ਖਿਡਾਰੀਆਂ ਤੇ ਸਟਾਫ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਚੇਨੱਈ ਸੁਪਰਕਿੰਗਜ਼ ਨੂੰ ਬਾਇਓ ਸਿਕਿਓਰ ਬਬਲ ਦਾ ਹਿੱਸਾ ਬਣਾਇਆ ਜਾਵੇਗਾ।


ਹਾਲਾਂਕਿ ਮੁੰਬਈ ਇੰਡੀਅਨਸ ਦਾ ਸ਼ੁਰੂਆਤੀ ਮੈਚ ਖੇਡਣਾ ਤੈਅ ਮੰਨਿਆ ਜਾ ਰਿਹਾ ਹੈ ਪਰ ਓਪਨਿੰਗ ਮੈਚ 'ਚ ਮੌਜੂਦਾ ਚੈਂਪੀਅਨ ਦਾ ਸਾਹਮਣਾ ਕਿਸ ਨਾਲ ਹੋਵੇਗਾ ਇਹ ਆਈਪੀਐਲ ਦਾ ਸ਼ੈਡਿਊਲ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।


ਸ਼ੈਡਿਊਲ 'ਚ ਦੇਰੀ ਹੋਣ ਕਾਰਨ IPL ਰੱਦ ਹੋਣ ਦੀਆਂ ਵੀ ਕਿਆਸਰਾਈਆਂ ਹਨ। BCCI ਮੁਖੀ ਸੌਰਵ ਗਾਂਗੁਲੀ ਨੇ ਪੂਰੇ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ ਪਰ ਉਨ੍ਹਾਂ ਸਭ ਕੁਝ ਚੰਗਾ ਹੋਣ ਦੀ ਉਮੀਦ ਵੀ ਜਤਾਈ ਹੈ।


ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ IPL 2020 ਰੱਦ ਕਰਨ ਦੀ ਮੰਗ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ