ਨਵੀਂ ਦਿੱਲੀ - ਪ੍ਰੋ ਰੈਸਲਿੰਗ ਲੀਗ ਦਾ ਦੂਜਾ ਸੀਜ਼ਨ ਭਾਰਤੀ ਭਲਵਾਨਾਂ ਤੋਂ ਵਧ ਵਿਦੇਸ਼ੀ ਭਲਵਾਨਾਂ ਕਾਰਨ ਸੁਰਖੀਆਂ 'ਚ ਰਹਿ ਸਕਦਾ ਹੈ। ਪ੍ਰੋ ਰੈਸਲਿੰਗ ਲੀਗ ਦੇਸ਼ ਦੇ 8 ਸ਼ਹਿਰਾਂ 'ਚ ਖੇਡੀ ਜਾਵੇਗੀ। ਇਹ ਲੀਗ 15 ਦਿਸੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਅਤੇ ਲੀਗ ਦੇ ਮੁਕਾਬਲੇ 31 ਦਿਨ ਚੱਲਣਗੇ। ਇਸ ਵਾਰ ਲੀਗ 'ਚ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਗਮਾ ਜੇਤੂ ਖਿਡਾਰਨਾ ਨੂੰ ਮਹਿਲਾ ਵਰਗ 'ਚ ਦਰਸ਼ਕਾਂ ਦਾ ਰੋਮਾਂਚ ਵਧਾਉਣ ਲਈ ਮੁਖ ਮੰਨਿਆ ਜਾ ਰਿਹਾ ਹੈ।
ਐਰਿਕਾ ਵੀਬ
ਓਲੰਪਿਕ ਸੋਨ ਤਗਮਾ ਜੇਤੂ ਐਰਿਕਾ ਵੀਬ ਨੇ 15 ਦਿਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੋ ਰੈਸਲਿੰਗ ਲੀਗ (PWL) ਦੇ ਦੂਜੇ ਸੀਜ਼ਨ 'ਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ। ਐਰਿਕਾ ਵੀਬ 75kg ਭਾਰਵਰਗ 'ਚ ਖੇਡਦੀ ਨਜਰ ਆਵੇਗੀ।
ਵੀਬ ਨੇ ਰਿਓ ਓਲੰਪਿਕਸ 'ਚ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਖਿਤਾਬੀ ਮੈਚ 'ਚ ਵੀਬ ਨੇ ਕਜਾਖਸਤਾਨ ਦੀ ਗੁਜੇਲ ਮਾਨਿਊਰੇਵਾ ਨੂੰ ਮਾਤ ਦਿੱਤੀ ਸੀ। ਇਸ ਜਿੱਤ ਤੋਂ ਬਾਅਦ ਵੀਬ ਕੈਨੇਡਾ ਦੀ ਸਿਰਫ ਤੀਜੀ ਓਲੰਪਿਕ ਸੋਨ ਤਗਮਾ ਜੇਤੂ ਭਲਵਾਨ ਬਣੀ ਸੀ।
ਵਿਸ਼ਵ ਦੀ ਬੇਹਤਰੀਨ ਭਲਵਾਨਾਂ 'ਚ ਸ਼ਾਮਿਲ ਵੀਬ ਨੇ 2014 ਤੋਂ ਬਾਅਦ ਜਿਸ ਵੀ ਟੂਰਨਾਮੈਂਟ 'ਚ ਹਿੱਸਾ ਲਿਆ ਉਸੇ 'ਚ ਜੇਤੂ ਰਹੀ। ਵੀਬ ਹੁਣ ਤਕ ਲਗਾਤਾਰ 36 ਮੈਚ ਜਿੱਤ ਚੁਕੀ ਹੈ। ਉਨ੍ਹਾਂ ਨੇ ਸਾਲ 2014 ਦੇ ਗਲਾਸਗੋ ਕਾਮਨਵੈਲਥ ਖੇਡਾਂ 'ਚ ਵੀ 75kg ਭਾਰਵਰਗ ਦੀ ਫ੍ਰੀਸਟਾਈਲ ਕੈਟੇਗਰੀ 'ਚ ਸੋਨ ਤਗਮਾ ਜਿੱਤਿਆ ਸੀ।
ਐਡਲਾਈਨ ਗਰੇ, ਸਟੈਡਨਿਕ, ਮੈਟਸਨ 'ਤੇ ਰਹੇਗੀ ਨਜਰ
3 ਵਾਰ ਦੀ ਵਿਸ਼ਵ ਚੈਂਪੀਅਨ ਅਮਰੀਕਾ ਦੀ ਐਡਲਾਈਨ ਗਰੇ ਲੀਗ 'ਚ ਹਿੱਸਾ ਲੈਂਦੀ ਨਜਰ ਆਵੇਗੀ। ਰੀਓ ਓਲੰਪਿਕਸ ਦੀ ਚਾਂਦੀ ਦਾ ਤਗਮਾ ਜਿੱਤਣ ਵਾਲੀ ਅਜਰਬਾਇਜਾਨ ਦੀ ਮਾਰੀਆ ਸਟੈਡਨਿਕ ਅਤੇ ਰੀਓ ਓਲੰਪਿਕਸ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਵੀਡਨ ਦੀ ਸੋਫੀਆ ਮੈਟਸਨ ਵੀ ਇਸ ਲੀਗ 'ਚ ਦਮ ਆਜਮਾਉਂਦੀਆਂ ਨਜਰ ਆਉਣਗੀਆਂ।
ਐਡਲਾਈਨ ਗਰੇ ਪਿਛਕਲੇ ਸੀਜ਼ਨ 'ਚ ਮੁੰਬਈ ਦੀ ਟੀਮ ਵੱਲੋਂ ਖੇਡਦੇ ਹੋਏ ਭਾਰਤੀ ਕੁਸ਼ਤੀ ਪ੍ਰੇਮੀਆਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ ਸੀ। ਮਾਰੀਆ ਸਟੈਡਨਿਕ ਵੀ ਇਸ ਵਾਰ ਸੁਰਖੀਆਂ 'ਚ ਰਹਿ ਸਕਦੀ ਹੈ। ਮਾਰੀਆ ਸਟੈਡਨਿਕ ਦੇ ਨਾਮ ਓਲੰਪਿਕਸ ਦੇ 2 ਸਿਲਵਰ ਮੈਡਲ ਅਤੇ 1 ਕਾਂਸੀ ਦਾ ਤਗਮਾ ਦਰਜ ਹੈ। ਓਹ ਸਾਬਕਾ ਵਿਸ਼ਵ ਚੈਂਪੀਅਨ ਹੋਣ ਦੇ ਨਾਲ-ਨਾਲ 6 ਵਾਰ ਦੀ ਯੂਰੋਪੀਅਨ ਚੈਂਪੀਅਨ ਵੀ ਹੈ। ਸੋਫੀਆ ਮੈਟਸਨ ਵੀ ਕਿਸੇ ਤੋਂ ਘਟ ਨਹੀਂ ਅਤੇ ਉਸਦੇ ਨਾਮ ਵਿਸ਼ਵ ਚੈਂਪੀਅਨਸ਼ਿਪ ਦਾ 1 ਗੋਲਡ ਮੈਡਲ ਸਮੇਤ ਕੁਲ 5 ਤਗਮੇ ਹਨ। ਓਹ 3 ਵਾਰ ਯੂਰੋਪੀਅਨ ਚੈਂਪੀਅਨ ਵੀ ਹੈ।
ਇਨ੍ਹਾਂ ਭਲਵਾਨਾਂ ਦੀ ਮੌਜੂਦਗੀ 'ਚ ਲੀਗ ਦਾ ਰੋਮਾਂਚ ਵਧਣਾ ਤੈਅ ਹੈ। ਲੀਗ 'ਚ ਇਨ੍ਹਾਂ ਤਿੰਨਾਂ ਖਿਡਾਰਨਾ ਤੋਂ ਚੰਗੇ ਪ੍ਰਦਰਸ਼ਨ ਦੀ ਆਸ ਜਤਾਈ ਜਾ ਰਹੀ ਹੈ।