ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਜਿੱਥੇ ਵੱਖ-ਵੱਖ ਅਦਾਰੇ ਬੰਦ ਹਨ, ਉੱਥੇ ਹੀ ਇਸ ਦਾ ਬੁਰਾ ਪ੍ਰਭਾਵ ਖੇਡਾਂ 'ਤੇ ਪਿਆ ਹੈ। ਇਸ ਵਾਇਰਸ ਕਰਕੇ ਖੇਡ ਸਟੇਡੀਅਮ ਖਾਲੀ ਹਨ ਕਿਉਂਕਿ ਇੱਕੋ ਥਾਂ 'ਤੇ ਭੀੜ ਨੂੰ ਇਕੱਠਾ ਨਾ ਹੋਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਭਾਰਤ-ਦੱਖਣੀ ਅਫਰੀਕਾ ਦੇ ਮੈਚ ਖਾਲੀ ਸਟੇਡੀਅਮਾਂ ਵਿੱਚ ਹੋਣਗੇ:

ਲਖਨਉ ਤੇ ਕੋਲਕਾਤਾ 'ਚ ਹੋਣ ਵਾਲੇ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਆਖਰੀ ਦੋ ਵਨਡੇ ਮੈਚ ਕੋਰੋਨਾਵਾਇਰਸ ਮਹਾਮਾਰੀ ਕਾਰਨ ਖਾਲੀ ਸਟੇਡੀਅਮਾਂ 'ਚ ਖੇਡੇ ਜਾਣਗੇ। ਬੀਸੀਸੀਆਈ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਇਹ ਮੈਚ 15 ਮਾਰਚ ਨੂੰ ਲਖਨਉ ਵਿੱਚ ਖੇਡਿਆ ਜਾਣਾ ਹੈ ਜਦੋਂਕਿ ਕੋਲਕਾਤਾ ਵਿੱਚ 18 ਮਾਰਚ ਨੂੰ ਖੇਡਿਆ ਜਾਵੇਗਾ।

ਰੱਦ ਕੀਤੀ ਗਈ 'ਰੋਡ ਸੇਫਟੀ ਵਰਲਡ ਸੀਰੀਜ਼':

ਸਚਿਨ ਤੇਂਦੁਲਕਰ ਤੇ ਬ੍ਰਾਇਨ ਲਾਰਾ ਵਰਗੇ ਪ੍ਰਸਿੱਧ ਖਿਡਾਰੀਆਂ ਦੀ ਮੌਜੂਦਗੀ ਨਾਲ ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਖ਼ਤਰੇ ਕਾਰਨ ਰੋਡ ਸੇਫਟੀ ਵਰਲਡ ਸੀਰੀਜ਼ ਫਿਲਹਾਲ ਰੱਦ ਕਰ ਦਿੱਤੀ ਗਈ ਹੈ। ਪ੍ਰਬੰਧਕਾਂ ਨੇ ਕਿਹਾ ਕਿ ਖਿਡਾਰੀਆਂ ਤੇ ਲੋਕਾਂ ਦੀ ਸੁਰੱਖਿਆ ਕਰਕੇ ਸੀਰੀਜ਼ ਰੱਦ ਕਰ ਦਿੱਤੀ ਗਈ ਹੈ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਤੇ ਸਿਹਤ ਮੰਤਰਾਲੇ ਦੁਆਰਾ ਜਾਰੀ ਸਲਾਹ-ਮਸ਼ਵਰੇ ਤੋਂ ਬਾਅਦ ਪ੍ਰਬੰਧਕਾਂ ਨੇ ਬਾਕੀ ਮੈਚਾਂ ਨੂੰ ਬਾਅਦ ਦੀਆਂ ਤਰੀਕਾਂ 'ਤੇ ਕਰਵਾਉਣ ਲਈ ਸਹਿਮਤੀ ਦਿੱਤੀ ਹੈ।

ਕੋਰੋਨਾਵਾਇਰਸ ਕਰਕੇ ਆਈਪੀਐਲ ਅੱਗੇ ਖਿਸਕਿਆ:
ਕੋਰੋਨਾਵਾਇਰਸ ਦੇ ਖ਼ਤਰੇ ਕਰਕੇ ਬੀਸੀਸੀਆਈ ਨੇ 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਦੇ 13 ਵੇਂ ਸੀਜ਼ਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਬੀਸੀਸੀਆਈ ਹੁਣ 15 ਅਪ੍ਰੈਲ ਤੋਂ ਨਵੇਂ ਸੀਜ਼ਨ ਦਾ ਆਯੋਜਨ ਕਰ ਸਕਦੀ ਹੈ।