ਢਾਕਾ - ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਵੀਰਵਾਰ ਦੇ ਦਿਨ ਕੁਝ ਅਜਿਹਾ ਵੇਖਣ ਨੂੰ ਮਿਲਿਆ ਜੋ ਟੀ-20 ਕ੍ਰਿਕਟ 'ਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਵੀਰਵਾਰ ਨੂੰ ਖੇਡੇ ਗਏ ਮੈਚ 'ਚ ਅਫਰੀਦੀ ਅਤੇ ਅਰਾਫਾਤ ਸੰਨੀ ਕਿ ਹੈਰਾਨ ਕਰ ਦੇਣ ਵਾਲੀ ਗੇਂਦਬਾਜ਼ੀ ਦੇ ਆਸਰੇ ਰੰਗਪੁਰ ਰਾਈਡਰਸ ਦੀ ਟੀਮ ਨੇ ਖੁਲਨਾ ਟਾਈਟਨਸ ਦੀ ਟੀਮ ਨੂੰ ਰਿਕਾਰਡ ਅੰਦਾਜ਼ 'ਚ ਮਾਤ ਦਿੱਤੀ।
ਟਾਈਟਨਸ - 44 ਰਨ 'ਤੇ ਢੇਰ
ਇਸ ਮੈਚ 'ਚ ਰੰਗਪੁਰ ਰਾਈਡਰਸ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਰਾਈਡਰਸ ਦੀ ਟੀਮ ਦੇ ਇਸ ਫੈਸਲੇ ਨੂੰ ਅਫਰੀਦੀ ਅਤੇ ਅਰਾਫਾਤ ਨੇ ਮਿਲਕੇ ਸਹੀ ਸਾਬਿਤ ਕਰ ਵਿਖਾਇਆ। ਅਫਰੀਦੀ ਨੇ 3 ਓਵਰਾਂ 'ਚ 12 ਰਨ ਦੇਕੇ 4 ਵਿਕਟ ਝਟਕੇ। ਜਦਕਿ ਅਰਾਫਾਤ ਸੰਨੀ ਨੇ 2.4 ਓਵਰਾਂ 'ਚ ਬਿਨਾ ਕੋਈ ਰਨ ਦਿੱਤੇ 3 ਵਿਕਟ ਆਪਣੇ ਨਾਮ ਕੀਤੇ। ਖੁਲਨਾ ਟਾਈਟਨਸ ਦੀ ਟੀਮ ਦੇ 5 ਖਿਡਾਰੀ ਤਾਂ ਖਾਤਾ ਵੀ ਨਹੀਂ ਖੋਲ ਸਕੇ। ਟੀਮ ਦੇ ਕੁਲ 10 ਬੱਲੇਬਾਜ ਦਹਾਈ ਦਾ ਅੰਕੜਾ ਪਾਰ ਕਰਨ 'ਚ ਵੀ ਨਾਕਾਮ ਰਹੇ। ਟਾਈਟਨਸ ਦੀ ਟੀਮ 10.4 ਓਵਰਾਂ 'ਚ 44 ਰਨ 'ਤੇ ਢੇਰ ਹੋ ਗਈ।
ਰਾਈਡਰਸ ਦੀ ਆਸਾਨ ਜਿੱਤ
45 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰੰਗਪੁਰ ਰਾਈਡਰਸ ਦੀ ਟੀਮ ਨੇ 8 ਓਵਰਾਂ 'ਚ 1 ਵਿਕਟ ਗਵਾ ਕੇ ਮੈਚ ਆਪਣੇ ਨਾਮ ਕਰ ਲਿਆ। ਖਾਸ ਗੱਲ ਇਹ ਰਹੀ ਕਿ ਕੁਲ 40 ਓਵਰਾਂ ਦੇ ਇਸ ਮੈਚ 'ਚ ਸਿਰਫ 18.4 ਓਵਰਾਂ 'ਚ ਹੀ ਮੈਚ ਖਤਮ ਹੋ ਗਿਆ। ਇਹ ਟੀ-20 ਇਤਿਹਾਸ ਦੇ ਸਭ ਤੋਂ ਛੋਟੇ ਮੈਚਾਂ 'ਚ ਸ਼ੁਮਾਰ ਹੋ ਗਿਆ ਹੈ।