Ajay Jadeja on Sachin Tendulkar: ਸਾਬਕਾ ਕ੍ਰਿਕਟਰ ਅਜੈ ਜਡੇਜਾ (Ajay Jadeja) ਨੇ ਭਾਰਤ ਅਤੇ ਜ਼ਿੰਬਾਬਵੇ (IND vs ZIM) ਵਿਚਕਾਰ 24 ਸਾਲ ਪੁਰਾਣੇ ਮੈਚ ਨਾਲ ਸਬੰਧਤ ਇੱਕ ਕਿੱਸਾ ਸੁਣਾਇਆ ਹੈ। ਇਹ ਕਿੱਸਾ 1998 ਵਿੱਚ ਹੋਈ ਕੋਕੋ ਕੋਲਾ ਚੈਂਪੀਅਨਜ਼ ਟਰਾਫੀ ਦਾ ਹੈ। ਇਸ ਟਰਾਈ ਸੀਰੀਜ਼ ਦੇ ਗਰੁੱਪ ਸਟੇਜ ਦੇ ਆਖਰੀ ਮੈਚ ਵਿੱਚ ਜ਼ਿੰਬਾਬਵੇ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾਇਆ ਸੀ। ਉਸ ਮੈਚ 'ਚ ਸਚਿਨ ਤੇਂਦੁਲਕਰ (Sachin Tendulkar) ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਹੈਨਰੀ ਓਲੋਂਗਾ (Henry Olonga) ਦੀ ਇਕ ਸ਼ਾਰਟ ਪਿੱਚ ਗੇਂਦ 'ਤੇ ਆਊਟ ਹੋ ਗਏ ਸਨ। ਅਜੇ ਜਡੇਜਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸਚਿਨ ਤੇਂਦੁਲਕਰ ਦੋ ਦਿਨਾਂ ਤੱਕ ਠੀਕ ਤਰ੍ਹਾਂ ਸੌਂ ਨਹੀਂ ਸਕੇ।
ਸੋਨੀ ਸਿਕਸ ਨਾਲ ਗੱਲਬਾਤ ਕਰਦਿਆਂ ਅਜੇ ਜਡੇਜਾ ਨੇ ਕਿਹਾ, 'ਉਸ ਗੇਂਦ ਨੇ ਸਚਿਨ ਨੂੰ ਬਦਲ ਦਿੱਤਾ ਸੀ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਉਨ੍ਹਾਂ ਨਾਲ ਖੇਡਣ ਦਾ ਮੌਕਾ ਮਿਲਿਆ। ਉਹ ਹੰਕਾਰੀ ਨਹੀਂ ਸਨ ਪਰ ਉਹਨਾਂ ਨੂੰ ਆਪਣੀ ਖੇਡ 'ਤੇ ਮਾਣ ਸੀ। ਅਤੇ ਜਦੋਂ ਉਹ ਇਸ ਤਰ੍ਹਾਂ ਆਊਟ ਹੋਏ ਤਾਂ ਅਗਲੇ ਦੋ ਦਿਨ ਉਹ ਸੌਂ ਨਹੀਂ ਸਕੇ ਸੀ। ਮੈਚ ਵਾਲੀ ਪੂਰੀ ਰਾਤ ਉਹ ਬਹੁਤ ਨਿਰਾਸ਼ ਸੀ। ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਨਿਰਾਸ਼ ਹੁੰਦੇ ਕਦੇ ਨਹੀਂ ਦੇਖਿਆ ਸੀ। ਉਨ੍ਹਾਂ ਦੀ ਨਿਰਾਸ਼ਾ ਸਿਰਫ਼ ਆਊਟ ਹੋਣ ਬਾਰੇ ਨਹੀਂ ਸੀ, ਉਹ ਇਸ ਗੱਲ ਤੋਂ ਵੀ ਦੁਖੀ ਸੀ ਜਿਸ ਤਰ੍ਹਾਂ ਅਸੀਂ ਮੈਚ ਹਾਰ ਗਏ ਸੀ।
ਉਸ ਮੈਚ ਵਿੱਚ ਹੈਨਰੀ ਓਲੋਂਗਾ ਨੇ 46 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ। ਉਨ੍ਹਾਂ ਸਚਿਨ, ਸੌਰਵ, ਰਾਹੁਲ ਅਤੇ ਅਜੇ ਜਡੇਜਾ ਦੀਆਂ ਵਿਕਟਾਂ ਲੈ ਕੇ ਭਾਰਤੀ ਸਿਖਰਲੇ ਕ੍ਰਮ ਨੂੰ ਉਖਾੜ ਦਿੱਤਾ ਸੀ। ਹਾਲਾਂਕਿ ਅਗਲੇ ਹੀ ਮੈਚ 'ਚ ਭਾਰਤ ਨੇ ਜ਼ਿੰਬਾਬਵੇ ਨੂੰ ਕਰਾਰਾ ਜਵਾਬ ਦਿੱਤਾ। ਸਚਿਨ ਨੇ ਜ਼ਿੰਬਾਬਵੇ ਖਿਲਾਫ ਅਜੇਤੂ ਸੈਂਕੜਾ ਲਗਾ ਕੇ ਭਾਰਤ ਨੂੰ 10 ਵਿਕਟਾਂ ਨਾਲ ਜਿੱਤ ਦਿਵਾਈ ਸੀ। ਜਡੇਜਾ ਕਹਿੰਦੇ ਹਨ, 'ਉਨ੍ਹਾਂ (ਸਚਿਨ) ਨੂੰ ਦੋ ਦਿਨ ਇੰਤਜ਼ਾਰ ਕਰਨਾ ਪਿਆ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਸਚਿਨ ਨੇ ਫਾਈਨਲ ਮੈਚ 'ਚ ਕੀ ਕੀਤਾ ਸੀ।'
ਜ਼ਿੰਬਾਬਵੇ ਦੀ ਟੀਮ ਪਹਿਲਾਂ ਕਾਫੀ ਮਜ਼ਬੂਤ ਹੁੰਦੀ ਸੀ
ਜ਼ਿੰਬਾਬਵੇ ਦੀ ਟੀਮ ਉਸ ਸਮੇਂ ਬਹੁਤ ਮਜ਼ਬੂਤ ਹੁੰਦੀ ਸੀ। ਟੀਮ ਵਿੱਚ ਉਸ ਸਮੇਂ ਐਂਡੀ ਫਲਾਵਰ, ਗ੍ਰਾਂਟ ਫਲਾਵਰ, ਹੀਥ ਸਟ੍ਰੀਕ, ਐਲੀਸਟਰ ਕੈਂਪਬੈਲ, ਓਲੋਂਗਾ ਅਤੇ ਪੋਮੀ ਵਰਗੇ ਕਈ ਚੋਟੀ ਦੇ ਖਿਡਾਰੀ ਹੁੰਦੇ ਸਨ। ਕੋਕੋ-ਕੋਲਾ ਚੈਂਪੀਅਨਸ ਟਰਾਫੀ 1998 ਵਿੱਚ ਇਸ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ, ਜਿੱਥੇ ਉਸ ਨੂੰ ਭਾਰਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।