Continues below advertisement

ਏਸ਼ੀਆ ਕੱਪ 2025 ਦਾ ਫਾਈਨਲ ਮੁਕਾਬਲਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਖੇਡਿਆ ਜਾਣ ਵਾਲਾ ਹੈ। ਇਸ ਟੂਰਨਾਮੈਂਟ ਦੇ 41 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਵੇਗਾ ਕਿ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮਣੇ- ਸਾਹਮਣੇ ਹੋਣਗੀਆਂ। ਟੀਮ ਇੰਡੀਆ ਹੁਣ ਤੱਕ 8 ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਚੁੱਕੀ ਹੈ, ਜਦਕਿ ਪਾਕਿਸਤਾਨ ਨੇ 2 ਵਾਰ ਇਹ ਟਾਈਟਲ ਆਪਣੇ ਨਾਮ ਕੀਤਾ ਹੈ। ਪਰ ਫਾਈਨਲ ਵਿੱਚ ਕਦੇ ਵੀ ਦੋਵਾਂ ਦੇਸ਼ਾਂ ਦੀ ਟੱਕਰ ਨਹੀਂ ਹੋਈ। ਇਸ ਵਾਰ ਸੂਰਯਕੁਮਾਰ ਯਾਦਵ ਦੀ ਕਪਤਾਨੀ ਹੇਠ ਭਾਰਤ ਅਤੇ ਸਲਮਾਨ ਅਲੀ ਆਗਾ ਦੀ ਕਪਤਾਨੀ ਹੇਠ ਪਾਕਿਸਤਾਨ ਫਾਈਨਲ ‘ਚ ਪਹੁੰਚੇ ਹਨ। ਹੁਣ ਦੋਵੇਂ ਟੀਮਾਂ ਦਰਮਿਆਨ ਇਹ ਖਿਤਾਬੀ ਮੁਕਾਬਲਾ ਐਤਵਾਰ, 28 ਸਤੰਬਰ ਨੂੰ ਹੋਵੇਗਾ।

Continues below advertisement

ਏਸ਼ੀਆ ਕੱਪ ਵਿੱਚ ਤੀਜੀ ਵਾਰ IND vs PAK

ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਏਸ਼ੀਆ ਕੱਪ ਵਿੱਚ ਹੁਣ ਤੀਜੀ ਵਾਰ ਆਹਮਣੇ- ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਕਾਰ ਪਹਿਲਾ ਮੈਚ 14 ਸਤੰਬਰ ਨੂੰ ਲੀਗ ਸਟੇਜ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਦੂਜੀ ਵਾਰ ਏਸ਼ੀਆ ਕੱਪ ਸੁਪਰ-4 ਵਿੱਚ ਦੋਹਾਂ ਦਾ ਮੁਕਾਬਲਾ ਹੋਇਆ, ਜਿਸ ਦਾ ਨਤੀਜਾ ਵੀ ਭਾਰਤ ਦੇ ਹੱਕ ਵਿੱਚ ਰਿਹਾ ਅਤੇ ਟੀਮ ਇੰਡੀਆ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ। ਹੁਣ ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਇਸ ਟੂਰਨਾਮੈਂਟ ਦੌਰਾਨ ਤੀਜੀ ਵਾਰ ਦੋਵੇਂ ਟੀਮਾਂ ਦਰਮਿਆਨ ਮਹਾਮੁਕਾਬਲਾ ਹੋਣ ਜਾ ਰਿਹਾ ਹੈ।

ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਕੀਤਾ ਬਾਹਰ

ਭਾਰਤ ਨੇ ਬੰਗਲਾਦੇਸ਼ ਨੂੰ ਹਰਾਕੇ ਏਸ਼ੀਆ ਕੱਪ ਫਾਈਨਲ ਦਾ ਟਿਕਟ ਹਾਸਲ ਕੀਤਾ। ਟੀਮ ਇੰਡੀਆ ਸੁਪਰ-4 ਦੇ ਦੋਵੇਂ ਮੈਚ ਜਿੱਤ ਕੇ ਪੌਇੰਟਸ ਟੇਬਲ ਵਿੱਚ ਸਿਖਰ ‘ਤੇ ਆ ਗਈ। ਇਸੇ ਵੇਲੇ ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ 2-2 ਅੰਕਾਂ ਨਾਲ ਫਾਈਨਲ ‘ਚ ਜਾਣ ਲਈ ਨਾਕ-ਆਉਟ ਮੈਚ ਖੇਡਣ ਆਹਮਣੇ- ਸਾਹਮਣੇ ਆਈਆਂ। ਇਹ ਮੈਚ ਅੱਜ ਵੀਰਵਾਰ, 25 ਸਤੰਬਰ ਨੂੰ ਖੇਡਿਆ ਗਿਆ।

ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੋਲਿੰਗ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੇ ਬੋਲਰਾਂ ਨੇ ਪਾਕਿਸਤਾਨ ਦੀ ਕਮਰ ਤੋੜ ਦਿੱਤੀ ਅਤੇ ਟੌਪ ਆਰਡਰ ਦੇ ਬੈਟਸਮੈਨਾਂ ਨੂੰ ਜਲਦੀ ਹੀ ਪੈਵੇਲੀਅਨ ਭੇਜ ਦਿੱਤਾ। ਫਿਰ ਵੀ ਪਾਕਿਸਤਾਨ ਨੇ ਬੰਗਲਾਦੇਸ਼ ਦੇ ਸਾਹਮਣੇ 136 ਦੌੜਾਂ ਦਾ ਟਾਰਗੇਟ ਰੱਖਿਆ। ਪਰ ਇਸ ਰੋਮਾਂਚਕ ਮੁਕਾਬਲੇ ਵਿੱਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 11 ਦੌੜਾਂ ਨਾਲ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਹੁਣ ਭਾਰਤ ਅਤੇ ਪਾਕਿਸਤਾਨ ਦਰਮਿਆਨ ਫਾਈਨਲ 28 ਸਤੰਬਰ ਨੂੰ ਖੇਡਿਆ ਜਾਵੇਗਾ।