Cheteshwar Pujara double century: ਭਾਰਤੀ ਕ੍ਰਿਕਟ ਟੀਮ 'ਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਚੇਤੇਸ਼ਵਰ ਪੁਜਾਰਾ ਨੇ ਇੰਗਲੈਂਡ 'ਚ ਇਤਿਹਾਸ ਰਚ ਦਿੱਤਾ ਹੈ। ਸਸੈਕਸ ਲਈ ਆਪਣੇ ਪਹਿਲੇ ਮੈਚ 'ਚ ਪੁਜਾਰਾ ਨੇ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ। ਦੱਖਣੀ ਅਫਰੀਕਾ ਦੌਰੇ ਤੋਂ ਬਾਅਦ ਭਾਰਤੀ ਟੈਸਟ ਟੀਮ ਤੋਂ ਬਾਹਰ ਕੀਤੇ ਗਏ ਚੇਤੇਸ਼ਵਰ ਪੁਜਾਰਾ ਨੇ 387 ਗੇਂਦਾਂ 'ਤੇ ਨਾਬਾਦ 201 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।



ਜ਼ਿਕਰਯੋਗ ਹੈ ਕਿ ਪੁਜਾਰਾ ਨੂੰ ਆਈਪੀਐਲ 2022 ਦੀ ਨਿਲਾਮੀ ਵਿੱਚ ਵੀ ਕਿਸੇ ਨੇ ਨਹੀਂ ਖਰੀਦਿਆ ਸੀ। ਇਸ ਤੋਂ ਪਹਿਲਾਂ ਉਹ ਚੇਨਈ ਸੁਪਰ ਕਿੰਗਜ਼ ਦੀ ਟੀਮ ਦਾ ਹਿੱਸਾ ਸੀ। ਹਾਲਾਂਕਿ, ਆਈਪੀਐਲ 2021 ਵਿੱਚ, ਚੇਨਈ ਨੇ ਉਸਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਦਿੱਤਾ। ਅਜਿਹੇ 'ਚ ਜਦੋਂ ਇਸ ਵਾਰ ਨਿਲਾਮੀ 'ਚ ਉਸ ਨੂੰ ਕਿਸੇ ਨੇ ਨਹੀਂ ਖਰੀਦਿਆ ਤਾਂ ਪੁਜਾਰਾ ਨੇ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਖੇਡਣ ਦਾ ਫੈਸਲਾ ਕੀਤਾ।







ਪੁਜਾਰਾ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ 
ਸਸੈਕਸ (Sussex)ਲਈ ਪਹਿਲੀ ਪਾਰੀ 'ਚ ਸਿਰਫ 6 ਦੌੜਾਂ ਬਣਾਉਣ ਵਾਲੇ ਚੇਤੇਸ਼ਵਰ ਪੁਜਾਰਾ ਨੇ ਦੂਜੀ ਪਾਰੀ 'ਚ ਅਜੇਤੂ 201 ਦੌੜਾਂ ਦੀ ਪਾਰੀ ਖੇਡ ਕੇ ਵੱਡਾ ਰਿਕਾਰਡ ਬਣਾਇਆ। ਪੁਜਾਰਾ ਕਾਊਂਟੀ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਮੁਹੰਮਦ ਅਜ਼ਹਰੂਦੀਨ ਦੋ ਵਾਰ ਇਹ ਕਾਰਨਾਮਾ ਕਰ ਚੁੱਕੇ ਹਨ। ਅਜ਼ਹਰ ਨੇ 1991 ਵਿੱਚ 212 ਅਤੇ 1994 ਵਿੱਚ 205 ਦੌੜਾਂ ਬਣਾਈਆਂ ਸਨ।
ਦੱਸ ਦਈਏ ਕਿ ਡਰਬੀਸ਼ਾਇਰ ਨੇ ਪਹਿਲੀ ਪਾਰੀ ਅੱਠ ਵਿਕਟਾਂ 'ਤੇ 505 ਦੌੜਾਂ 'ਤੇ ਘੋਸ਼ਿਤ ਕੀਤੀ, ਜਿਸ ਦੇ ਜਵਾਬ ਵਿਚ ਸਸੈਕਸ ਦੀ ਟੀਮ ਪਹਿਲੀ ਪਾਰੀ ਵਿਚ 174 ਦੌੜਾਂ 'ਤੇ ਢੇਰ ਹੋ ਗਈ ਅਤੇ ਉਸ ਨੂੰ ਫਾਲੋਆਨ ਕਰਨ ਲਈ ਮਜਬੂਰ ਹੋਣਾ ਪਿਆ। ਇਸ ਤੋਂ ਬਾਅਦ ਪੁਜਾਰਾ ਨੇ ਸਸੈਕਸ ਲਈ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੀ ਟੀਮ ਦੀ ਹਾਰ ਨੂੰ ਟਾਲ ਦਿੱਤਾ।