Gujarat register 5th win of the season by defeating Chennai


Gujarat Titans vs Chennai Super Kings: IPL 15 ਵਿੱਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਗੁਜਰਾਤ ਟਾਇਟਨਸ ਨਾਲ ਹੋਇਆ। ਇਸ ਮੈਚ 'ਚ ਚੇਨਈ ਨੂੰ ਇੱਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ। 170 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ ਨੇ ਇਹ ਟੀਚਾ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਮਿਲਰ ਅਤੇ ਰਾਸ਼ਿਦ ਖ਼ਾਨ ਇਸ ਮੈਚ ਵਿੱਚ ਟੀਮ ਦੀ ਜਿੱਤ ਦੇ ਹੀਰੋ ਰਹੇ। ਮਿਲਰ ਨੇ 51 ਗੇਂਦਾਂ 'ਤੇ 94 ਦੌੜਾਂ ਦੀ ਪਾਰੀ ਖੇਡੀ। ਜਦਕਿ ਰਾਸ਼ਿਦ ਖ਼ਾਨ ਨੇ 40 ਦੌੜਾਂ ਬਣਾਈਆਂ। ਗੁਜਰਾਤ ਦੀ ਇਸ ਸੀਜ਼ਨ ਵਿੱਚ ਪੰਜਵੀਂ ਜਿੱਤ ਹੈ ਅਤੇ ਉਹ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ।


ਮਿਲਰ ਅਤੇ ਰਾਸ਼ਿਦ ਰਹੇ ਜਿੱਤ ਦੇ ਹੀਰੋ


170 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਦੇ ਸਲਾਮੀ ਬੱਲੇਬਾਜ਼ ਗਿੱਲ ਬਗੈਰ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਵਿਜੇ ਸ਼ੰਕਰ ਵੀ ਆਊਟ ਹੋ ਗਏ। ਇਸ ਤੋਂ ਬਾਅਦ ਅਭਿਨਵ ਮਨੋਹਰ ਵੀ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ 12 ਦੌੜਾਂ ਬਣਾ ਕੇ ਆਊਟ ਹੋ ਗਏ।


ਉਸ ਦੇ ਆਊਟ ਹੋਣ ਤੋਂ ਬਾਅਦ ਮਿਲਰ ਨੇ ਸਾਹਾ ਨਾਲ ਮਿਲ ਕੇ ਸਕੋਰ ਵਧਾਇਆ। ਪਰ ਸਾਹਾ ਵੀ 11 ਦੌੜਾਂ ਬਣਾ ਕੇ ਆਊਟ ਹੋ ਗਏ। 48 ਦੌੜਾਂ 'ਤੇ 4 ਵਿਕਟਾਂ ਗੁਆਉਣ ਤੋਂ ਬਾਅਦ ਰਾਹੁਲ ਟੀਓਟੀਆ ਅਤੇ ਮਿਲਰ ਨੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਦੋਵਾਂ ਨੇ 39 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਮਿਲਰ ਲਗਾਤਾਰ ਅਟੈਕ ਕਰ ਰਹੇ ਸੀ। ਹਾਲਾਂਕਿ ਰਾਹੁਲ ਵੀ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ 6 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਮਿਲਰ ਨੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ।


ਇਸ ਤੋਂ ਬਾਅਦ ਮਿਲਰ ਅਤੇ ਰਾਸ਼ਿਦ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕਰਕੇ ਗੁਜਰਾਤ ਨੂੰ ਮੈਚ ਵਿੱਚ ਵਾਪਸੀ ਕੀਤੀ। ਰਾਸ਼ਿਦ ਨੇ ਸਿਰਫ 21 ਗੇਂਦਾਂ 'ਚ 40 ਦੌੜਾਂ ਬਣਾਈਆਂ। ਉਸ ਦੇ ਆਊਟ ਹੋਣ ਤੋਂ ਬਾਅਦ ਮਿਲਰ ਨੇ ਪਾਰੀ ਨੂੰ ਠੀਕ ਕੀਤਾ ਅਤੇ ਇਕੱਲੇ ਹੀ ਟੀਮ ਨੂੰ ਜਿੱਤ ਵੱਲ ਖਿੱਚਿਆ। ਮਿਲਰ 51 ਗੇਂਦਾਂ 'ਤੇ 94 ਦੌੜਾਂ ਬਣਾ ਕੇ ਨਾਬਾਦ ਰਿਹਾ। ਆਪਣੀ ਪਾਰੀ ਦੌਰਾਨ ਉਸ ਨੇ 8 ਚੌਕੇ ਅਤੇ 6 ਛੱਕੇ ਜੜੇ।


ਰੁਤੂਰਾਜ ਗਾਇਕਵਾੜ ਨੇ ਫਾਰਮ ਹਾਸਿਲ ਕੀਤਾ


ਇਸ ਤੋਂ ਪਹਿਲਾਂ ਗੁਜਰਾਤ ਨੇ ਟਾਸ ਜਿੱਤ ਕੇ ਚੇਨਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਦੇ ਅਰਧ ਸੈਂਕੜੇ ਅਤੇ ਅੰਬਾਤੀ ਰਾਇਡੂ ਦੇ ਨਾਲ ਉਸ ਦੀ ਵੱਡੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਦੇ ਖਿਲਾਫ ਪੰਜ ਵਿਕਟਾਂ 'ਤੇ 169 ਦੌੜਾਂ ਬਣਾਈਆਂ। ਗਾਇਕਵਾੜ ਨੇ 48 ਗੇਂਦਾਂ ਵਿੱਚ ਪੰਜ ਛੱਕਿਆਂ ਤੇ ਚੌਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ।


ਇਸ ਤੋਂ ਇਲਾਵਾ ਉਨ੍ਹਾਂ ਨੇ ਰਾਇਡੂ (46) ਨਾਲ ਤੀਜੇ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਕਪਤਾਨ ਰਵਿੰਦਰ ਜਡੇਜਾ ਨੇ ਅੰਤ ਵਿੱਚ 12 ਗੇਂਦਾਂ ਵਿੱਚ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 22 ਦੌੜਾਂ ਬਣਾ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਗੁਜਰਾਤ ਲਈ ਡੈਬਿਊ ਕਰਦੇ ਹੋਏ ਅਲਜ਼ਾਰੀ ਜੋਸੇਫ ਨੇ 34 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਅਨੁਭਵੀ ਮੁਹੰਮਦ ਸ਼ਮੀ ਨੇ ਚਾਰ ਓਵਰਾਂ ਵਿੱਚ ਸਿਰਫ਼ 20 ਦੌੜਾਂ ਦੇ ਕੇ ਇੱਕ ਵਿਕਟ ਲਈ।


ਇਹ ਵੀ ਪੜ੍ਹੋ: Jahangirpuri Violence: ਇੱਕ ਹੋਰ ਦੋਸ਼ੀ ਗ੍ਰਿਫਤਾਰ, 2 ਨਾਬਾਲਗ, 3 ਪਿਸਤੌਲ ਅਤੇ 5 ਤਲਵਾਰਾਂ ਸਮੇਤ ਹੁਣ ਤੱਕ 21 ਗ੍ਰਿਫਤਾਰ