Rohit Sharma: ਨਾਗਪੁਰ ਟੈਸਟ ਮੈਚ 'ਚ ਭਾਰਤੀ ਟੀਮ ਨੇ ਇੱਕ ਪਾਰੀ ਅਤੇ 132 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 2023 ਬਾਰਡਰ-ਗਾਵਸਕਰ ਟਰਾਫੀ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲੇ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਬੱਲੇ ਨਾਲ 120 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੇਖਣ ਨੂੰ ਮਿਲੀ, ਜਿਸ 'ਚ 15 ਚੌਕੇ ਅਤੇ 2 ਛੱਕੇ ਸ਼ਾਮਲ ਸਨ।
ਆਪਣੀ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਰੋਹਿਤ ਨੇ ਕਈ ਰਿਕਾਰਡ ਵੀ ਬਣਾਏ। ਨਾਲ ਹੀ ਉਹ ਬਤੌਰ ਕਪਤਾਨ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ 'ਚ ਸੈਂਕੜਾ ਲਗਾਉਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ। ਰੋਹਿਤ ਦੀ ਇਸ ਸ਼ਾਨਦਾਰ ਪਾਰੀ ਦੇ ਦਮ 'ਤੇ ਭਾਰਤੀ ਟੀਮ ਆਪਣੀ ਪਹਿਲੀ ਪਾਰੀ 'ਚ 400 ਦੌੜਾਂ ਬਣਾਉਣ ਦੇ ਨਾਲ-ਨਾਲ ਵੱਡੀ ਲੀਡ ਵੀ ਹਾਸਲ ਕਰ ਸਕੀ।
ਦੂਜੇ ਪਾਸੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਰੋਹਿਤ ਸ਼ਰਮਾ ਕ੍ਰਿਕਟ ਦੇ ਸਾਰੇ ਫਾਰਮੈਟਾਂ 'ਚ ਵਿਰੋਧੀ ਟੀਮਾਂ ਲਈ ਸਿਰਦਰਦੀ ਬਣੇ ਹੋਏ ਹਨ। ਰੋਹਿਤ ਦੇ ਕੋਲ ਹੁਣ ਇੱਕ ਸਲਾਮੀ ਬੱਲੇਬਾਜ਼ ਵਜੋਂ ਅੰਤਰਰਾਸ਼ਟਰੀ ਕ੍ਰਿਕਟ 'ਚ 38 ਸੈਂਕੜੇ ਹਨ, ਜਿਸ ਵਿੱਚ ਉਨ੍ਹਾਂ ਨੇ ਟੈਸਟ 'ਚ 6, ਟੀ-20 'ਚ 4 ਅਤੇ ਵਨਡੇ 'ਚ 28 ਸੈਂਕੜੇ ਲਗਾਏ ਹਨ।
ਇਸ ਮਾਮਲੇ 'ਚ ਹੁਣ ਉਨ੍ਹਾਂ ਤੋਂ ਅੱਗੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਆਸਟ੍ਰੇਲੀਆਈ ਓਪਨਿੰਗ ਬੱਲੇਬਾਜ਼ ਡੇਵਿਡ ਵਾਰਨਰ, ਸਾਬਕਾ ਵਿੰਡੀਜ਼ ਖਿਡਾਰੀ ਕ੍ਰਿਸ ਗੇਲ, ਸ੍ਰੀਲੰਕਾ ਦੇ ਸਾਬਕਾ ਖਿਡਾਰੀ ਸਨਥ ਜੈਸੂਰੀਆ ਅਤੇ ਸਾਬਕਾ ਆਸਟ੍ਰੇਲੀਆਈ ਖਿਡਾਰੀ ਮੈਥਿਊ ਹੇਡਨ ਹਨ। ਜਿੱਥੇ ਸਚਿਨ ਨੇ ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ 45 ਸੈਂਕੜੇ ਲਗਾਏ ਹਨ, ਦੂਜੇ ਪਾਸੇ ਵਾਰਨਰ ਨੇ ਓਪਨਰ ਵਜੋਂ ਹੁਣ ਤੱਕ 45 ਸੈਂਕੜੇ ਲਗਾਏ ਹਨ। ਕ੍ਰਿਸ ਗੇਲ ਦੇ ਨਾਂਅ 'ਤੇ 42, ਜਦਕਿ ਸਨਥ ਜੈਸੂਰੀਆ ਅਤੇ ਮੈਥਿਊ ਹੇਡਨ ਦੇ ਨਾਂ 'ਤੇ 41 ਸੈਂਕੜੇ ਓਪਨਿੰਗ ਬੱਲੇਬਾਜ਼ ਵਜੋਂ ਹਨ।
ਇਸ ਮਾਮਲੇ 'ਚ ਰੋਹਿਤ ਸ਼ਰਮਾ ਕੌਮਾਂਤਰੀ ਕ੍ਰਿਕਟ ਦੇ ਚੌਥੇ ਕਪਤਾਨ ਬਣੇ
ਲੰਬੇ ਸਮੇਂ ਬਾਅਦ ਟੈਸਟ ਫਾਰਮੈਟ 'ਚ ਵਾਪਸੀ ਕਰਦੇ ਹੋਏ ਰੋਹਿਤ ਸ਼ਰਮਾ ਨੇ ਆਪਣੇ ਬੱਲੇ ਨਾਲ ਸਾਰਿਆਂ ਨੂੰ ਜਵਾਬ ਦੇਣ ਦਾ ਕੰਮ ਕੀਤਾ। ਇਸ ਦੇ ਨਾਲ ਹੀ ਆਪਣੀ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਉਹ ਅੰਤਰਰਾਸ਼ਟਰੀ ਫਾਰਮੈਟ 'ਚ ਬਤੌਰ ਕਪਤਾਨ ਸੈਂਕੜਾ ਲਗਾਉਣ ਵਾਲੇ ਚੌਥੇ ਖਿਡਾਰੀ ਵੀ ਬਣ ਗਏ। ਉਨ੍ਹਾਂ ਤੋਂ ਪਹਿਲਾਂ ਸ੍ਰੀਲੰਕਾ ਦੇ ਸਾਬਕਾ ਖਿਡਾਰੀ ਤਿਲਕਰਤਨੇ ਦਿਲਸ਼ਾਨ, ਦੱਖਣੀ ਅਫ਼ਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਅਤੇ ਮੌਜੂਦਾ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਇਹ ਕਾਰਨਾਮਾ ਕਰ ਚੁੱਕੇ ਹਨ।