Danushka Gunathilaka Bail: ਸ਼੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ ਆਸਟ੍ਰੇਲੀਆ ਦੀ ਅਦਾਲਤ ਨੇ ਉਸ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਹੈ। ਗੁਣਾਤਿਲਕਾ ਨੂੰ ਇਹ ਜ਼ਮਾਨਤ ਸ੍ਰੀਲੰਕਾ ਕ੍ਰਿਕਟ ਬੋਰਡ ਦੀ ਮਦਦ ਨਾਲ ਮਿਲੀ ਹੈ, ਜਿਸ ਨੇ ਜ਼ਮਾਨਤ ਲਈ ਵੱਡੀ ਰਕਮ ਅਦਾ ਕੀਤੀ ਹੈ। ਗੁਣਾਤਿਲਕਾ ਦੀ ਜ਼ਮਾਨਤ ਅਰਜ਼ੀ 07 ਨਵੰਬਰ ਨੂੰ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 11 ਰਾਤਾਂ ਲਾਕਅਪ 'ਚ ਕੱਟਣੀਆਂ ਪਈਆਂ। ਗੁਣਾਤਿਲਕਾ 'ਤੇ ਇਕ ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।


ਗੁਣਾਤਿਲਕਾ ਨੂੰ ਇਨ੍ਹਾਂ ਸ਼ਰਤਾਂ ਨਾਲ ਮਿਲੀ ਜ਼ਮਾਨਤ 


ਸ੍ਰੀਲੰਕਾ ਬੋਰਡ ਨੇ ਗੁਣਾਤਿਲਕਾ ਨੂੰ ਜ਼ਮਾਨਤ ਦਿਵਾਉਣ ਲਈ ਅਦਾਲਤ ਵਿੱਚ ਇੱਕ ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਇਸ ਦੇ ਬਾਵਜੂਦ ਉਸ ਨੂੰ ਕਈ ਸ਼ਰਤਾਂ 'ਤੇ ਜ਼ਮਾਨਤ ਮਿਲੀ ਹੈ। ਗੁਣਾਤਿਲਕਾ ਨੂੰ ਰੋਜ਼ਾਨਾ ਪੁਲਿਸ ਕੋਲ ਹਾਜ਼ਰ ਹੋਣਾ ਪਵੇਗਾ। ਇਸ ਤੋਂ ਇਲਾਵਾ ਉਹ ਰਾਤ ਨੌਂ ਵਜੇ ਤੋਂ ਸਵੇਰੇ ਛੇ ਵਜੇ ਤੱਕ ਕਰਫਿਊ ਵਿੱਚ ਰਹੇਗਾ। ਉਹ ਕਿਸੇ ਵੀ ਹਾਲਤ ਵਿੱਚ ਪੀੜਤ ਔਰਤ ਨੂੰ ਨਹੀਂ ਮਿਲ ਸਕਦਾ। ਇਸ ਤੋਂ ਇਲਾਵਾ, ਉਹ ਟਿੰਡਰ ਜਾਂ ਕਿਸੇ ਹੋਰ ਡੇਟਿੰਗ ਐਪ ਦੀ ਵਰਤੋਂ ਵੀ ਨਹੀਂ ਕਰ ਸਕਦਾ ਹੈ।


ਗੁਣਾਤਿਲਕਾ ਨੂੰ 06 ਨਵੰਬਰ ਨੂੰ ਲਿਆ ਗਿਆ ਸੀ ਹਿਰਾਸਤ 'ਚ 


ਗੁਣਾਤਿਲਕਾ ਨੂੰ ਪੁਲਿਸ ਨੇ 06 ਨਵੰਬਰ ਦੀ ਸਵੇਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਸ਼੍ਰੀਲੰਕਾ ਦੀ ਟੀਮ ਟੀ-20 ਵਿਸ਼ਵ ਕੱਪ 2022 ਦਾ ਆਖਰੀ ਮੈਚ ਖੇਡ ਕੇ ਵਾਪਸ ਪਰਤ ਰਹੀ ਸੀ ਪਰ ਗੁਣਾਤਿਲਕਾ ਵਾਪਸ ਨਹੀਂ ਜਾ ਸਕੇ। ਗੁਣਾਤਿਲਕਾ 'ਤੇ 29 ਸਾਲਾ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਦੋਸ਼ ਹੈ। ਮਹਿਲਾ ਅਤੇ ਗੁਣਾਤਿਲਕਾ ਦੀ ਮੁਲਾਕਾਤ ਟਿੰਡਰ 'ਤੇ ਹੋਈ ਸੀ ਅਤੇ ਇਸ ਤੋਂ ਬਾਅਦ ਇਹ ਘਟਨਾ 02 ਨਵੰਬਰ ਨੂੰ ਵਾਪਰੀ ਸੀ। ਗੁਣਾਤਿਲਕਾ ਨੂੰ ਜ਼ਮਾਨਤ ਮਿਲਣ ਨਾਲ ਉਸ ਦੀਆਂ ਮੁਸ਼ਕਲਾਂ ਘਟੀਆਂ ਹਨ, ਪਰ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ।