ਕੋਲਕਾਤਾ: ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ 'ਚ ਇਤਿਹਾਸ ਰਚਣ ਲਈ ਤਿਆਰ ਹਨ। ਇਸ ਦੌਰਾਨ ਬੰਗਲਾਦੇਸ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਟੈਸਟ ਸੀਰੀਜ਼ ਦਾ ਦੂਜਾ ਮੈਚ ਹੈ, ਜਿੱਥੇ ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੀਰੀਜ਼ 'ਤੇ ਕਬਜ਼ਾ ਕਰ ਲਵੇਗੀ ਤੇ ਇਤਿਹਾਸ ਸਿਰਜਿਆ ਜਾਵੇਗਾ ਪਰ ਜੇਕਰ ਬੰਗਲਾਦੇਸ਼ ਦੀ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਲੜੀ ਬਰਾਬਰ ਖ਼ਤਮ ਹੋ ਜਾਵੇਗੀ।

ਭਾਰਤ 'ਚ ਪਹਿਲੀ ਵਾਰ ਇਹ ਇਤਿਹਾਸਕ ਮੈਚ ਡੇਅ ਨਾਈਟ ਮੈਚ ਹੋਣ ਜਾ ਰਿਹਾ ਹੈ ਜਿੱਥੇ ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਕਈ ਵੱਡੀਆਂ ਸਖਸ਼ੀਅਤਾਂ ਇਸ ਮੈਚ ਦਾ ਹਿੱਸਾ ਹੋਣਗੀਆਂ। ਜਿਸ 'ਚ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤੇ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦਾ ਨਾਂ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸਾਲ 2000 'ਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਪਹਿਲੇ ਟੈਸਟ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਇਸ ਟੈਸਟ ਲਈ ਸੱਦਾ ਦਿੱਤਾ ਗਿਆ ਹੈ।


ਈਡਨ ਗਾਰਡਨਸ ਮੈਦਾਨ 'ਚ ਤੇਜ਼ ਗੇਂਦਬਾਜ਼ਾਂ ਨੇ ਕੁੱਲ 643 ਵਿਕਟਾਂ ਲਈਆਂ ਹਨ, ਜਦਕਿ ਸਪਿਨਰਾਂ ਨੇ 556 ਵਿਕਟਾਂ ਆਪਣੇ ਨਾਂ ਕੀਤੀਆਂ। ਜਦਕਿ, ਹੁਣ ਵੇਖਣਾ ਇਹ ਹੈ ਕਿ ਕਿਹੜੇ ਗੇਂਦਬਾਜ਼ ਗੁਲਾਬੀ ਗੇਂਦ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ। ਹੁਣ ਤੱਕ 35 ਵਾਰ ਟੌਸ ਜਿੱਤਣ ਵਾਲੀ ਟੀਮ ਨੇ ਬੱਲੇਬਾਜ਼ੀ ਕੀਤੀ ਹੈ, ਜਦੋਂਕਿ 6 ਟੀਮਾਂ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕੀਤੀ ਹੈ।