ਚੰਡੀਗੜ੍ਹ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਕੋਲਕਾਤਾ ਵਿੱਚ ਹੋ ਰਹੇ ਇਤਿਹਾਸਕ ਡੇਅ ਨਾਈਟ ਟੈਸਟ ਦਾ ਦੂਜੇ ਦਿਨ ਵੀ ਭਾਰਤੀ ਟੀਮ ਦੇ ਨਾਂ ਰਿਹਾ। ਦੂਜੇ ਦਿਨ ਭਾਰਤ ਨੇ 174 ਦੌੜਾਂ ਤੋਂ ਬਾਅਦ ਖੇਡਣਾ ਸ਼ੁਰੂ ਕੀਤਾ ਤੇ 9 ਵਿਕਟਾਂ ਗੁਆਉਣ ਤੋਂ ਬਾਅਦ ਆਪਣੀ ਪਾਰੀ 347 ਦੌੜਾਂ 'ਤੇ ਐਲਾਨ ਦਿੱਤੀ।


ਦੂਜੇ ਪਾਸੇ ਬੰਗਲਾਦੇਸ਼ ਆਪਣੀ ਦੂਜੀ ਪਾਰੀ ਵਿੱਚ ਜ਼ਿਆਦਾ ਕੁਝ ਨਹੀਂ ਕਰ ਸਕਿਆ ਅਤੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 6 ਵਿਕਟਾਂ ਗੁਆ ਦਿੱਤੀਆਂ ਤੇ ਮਹਿਜ਼ 152 ਦੌੜਾਂ ਹੀ ਬਣਾਈਆਂ। ਬੰਗਲਾਦੇਸ਼ ਦੀ ਟੀਮ ਅਜੇ ਵੀ ਟੀਮ ਇੰਡੀਆ ਤੋਂ 89 ਦੌੜਾਂ ਪਿੱਛੇ ਹੈ। ਟੀਮ ਇੰਡੀਆ ਨੇ ਆਪਣੀ ਪਹਿਲੀ ਪਾਰੀ ਵਿੱਚ ਬੰਗਲਾਦੇਸ਼ 'ਤੇ 241 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ।


ਦੂਜੀ ਪਾਰੀ ਵਿਚ ਭਾਰਤੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਪਹਿਲੀ ਪਾਰੀ ਵਿਚ ਭਾਰਤ ਲਈ 5 ਵਿਕਟਾਂ ਲੈਣ ਵਾਲੇ ਇਸ਼ਾਂਤ ਸ਼ਰਮਾ ਨੇ ਦੂਜੀ ਪਾਰੀ ਵਿਚ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਟੀਮ ਦੇ ਦੋ ਚੋਟੀ ਦੇ ਬੱਲੇਬਾਜ਼ਾਂ ਨੂੰ ਚਾਹ ਦੇ ਸਮੇਂ ਤਕ ਪਵੇਲੀਅਨ ਭੇਜਿਆ।




ਇਸ ਤੋਂ ਬਾਅਦ ਇਸ਼ਾਂਤ ਨੇ ਦੋ ਹੋਰ ਵਿਕਟਾਂ ਲਈਆਂ ਤੇ ਪੂਰੀ ਤਰ੍ਹਾਂ ਬੰਗਲਾਦੇਸ਼ ਦੀ ਟੀਮ ਨੂੰ ਬੈਕਫੁੱਟ 'ਤੇ ਧੱਕ ਦਿੱਤਾ। ਇਸ ਸਮੇਂ ਦੌਰਾਨ ਉਮੇਸ਼ ਯਾਦਵ ਨੇ ਦੋ ਵਿਕਟਾਂ ਹਾਸਲ ਕੀਤੀਆਂ। ਹੁਣ ਭਾਰਤੀ ਟੀਮ 4 ਹੋਰ ਵਿਕਟਾਂ ਲੈਂਦੀ ਹੈ, ਤਾਂ ਟੀਮ ਸੀਰੀਜ਼ ਆਪਣੇ ਨਾਮ ਕਰੇਗੀ।