Rahul Dravid Hyderabad Test: ਟੀਮ ਇੰਡੀਆ ਨੂੰ ਹੈਦਰਾਬਾਦ ਟੈਸਟ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ 436 ਦੌੜਾਂ ਬਣਾਈਆਂ। ਪਰ ਟੀਮ ਦੂਜੀ ਪਾਰੀ 'ਚ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਭਾਰਤੀ ਟੀਮ ਦਾ ਮੈਚ ਦੇ ਤੀਜੇ ਦਿਨ ਤੱਕ ਪ੍ਰਦਰਸ਼ਨ ਚੰਗਾ ਰਿਹਾ। ਪਰ ਚੌਥਾ ਦਿਨ ਟੀਮ ਇੰਡੀਆ ਤੇ ਭਾਰੀ ਪੈ ਗਿਆ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਭਾਰਤੀ ਟੀਮ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਚੌਥੇ ਦਿਨ ਦੇ ਪ੍ਰਦਰਸ਼ਨ ਕਾਰਨ ਟੀਮ ਪ੍ਰਤੀ ਸਖ਼ਤੀ ਨਹੀਂ ਦਿਖਾਈ ਜਾ ਸਕਦੀ।
ਦ੍ਰਾਵਿੜ ਨੇ ਹੈਦਰਾਬਾਦ ਟੈਸਟ 'ਚ ਮਿਲੀ ਹਾਰ ਤੋਂ ਬਾਅਦ ਮੈਚ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ “ਦਿਨ ਬਹੁਤ ਚੁਣੌਤੀਪੂਰਨ ਰਿਹਾ,” ਸਿਰਫ ਅੱਜ (ਟੈਸਟ ਦਾ ਚੌਥਾ ਦਿਨ) ਦੀ ਕਾਰਗੁਜ਼ਾਰੀ ਕਾਰਨ ਕਿਸੇ ਨੂੰ ਸਖ਼ਤੀ ਨਹੀਂ ਦਿਖਾਉਣੀ ਚਾਹੀਦੀ। ਅਸੀਂ ਆਪਣੀ ਪਹਿਲੀ ਪਾਰੀ ਵਿੱਚ ਚੰਗੀ ਸ਼ੁਰੂਆਤ ਕੀਤੀ ਸੀ। ਦੂਜੇ ਦਿਨ ਤੱਕ ਹਾਲਤ ਠੀਕ ਸੀ। ਪਰ ਅਸੀਂ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਉਠਾ ਸਕੇ। ਸਾਡੇ ਲਈ ਕਿਸੇ ਵੀ ਖਿਡਾਰੀ ਨੇ ਸੈਂਕੜਾ ਨਹੀਂ ਲਗਾਇਆ। ਮੈਨੂੰ ਲੱਗਦਾ ਹੈ ਕਿ ਪਹਿਲੀ ਪਾਰੀ 'ਚ 70-80 ਦੌੜਾਂ ਘੱਟ ਬਣਾਈਆਂ ਗਈਆਂ ਸਨ। ਦੂਜੀ ਪਾਰੀ ਹਮੇਸ਼ਾ ਚੁਣੌਤੀਆਂ ਨਾਲ ਭਰੀ ਹੁੰਦੀ ਹੈ।
ਟੀਮ ਇੰਡੀਆ ਦਾ ਕੋਈ ਵੀ ਖਿਡਾਰੀ ਸੈਂਕੜਾ ਨਹੀਂ ਲਗਾ ਸਕਿਆ। ਪਰ ਰਵਿੰਦਰ ਜਡੇਜਾ, ਕੇਐਲ ਰਾਹੁਲ ਅਤੇ ਯਸ਼ਸਵੀ ਜੈਸਵਾਲ ਨੇ ਚੰਗੀ ਪਾਰੀ ਖੇਡੀ। ਯਸ਼ਸਵੀ ਨੇ ਪਹਿਲੀ ਪਾਰੀ ਵਿੱਚ 74 ਗੇਂਦਾਂ ਦਾ ਸਾਹਮਣਾ ਕਰਦੇ ਹੋਏ 80 ਦੌੜਾਂ ਬਣਾਈਆਂ। ਉਨ੍ਹਾਂ 10 ਚੌਕੇ ਅਤੇ 3 ਛੱਕੇ ਲਗਾਏ। ਕੇਐਲ ਰਾਹੁਲ ਨੇ 86 ਦੌੜਾਂ ਬਣਾਈਆਂ। ਰਾਹੁਲ ਦੀ ਇਸ ਪਾਰੀ 'ਚ 8 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਰਵਿੰਦਰ ਜਡੇਜਾ ਨੇ 87 ਦੌੜਾਂ ਦੀ ਪਾਰੀ ਖੇਡੀ। ਇਸ ਤਰ੍ਹਾਂ ਭਾਰਤ ਨੇ ਪਹਿਲੀ ਪਾਰੀ ਵਿੱਚ 436 ਦੌੜਾਂ ਬਣਾਈਆਂ।
ਟੀਮ ਇੰਡੀਆ ਦੂਜੀ ਪਾਰੀ 'ਚ ਕੁਝ ਖਾਸ ਨਹੀਂ ਕਰ ਸਕੀ। ਉਹ 202 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਕਪਤਾਨ ਰੋਹਿਤ ਸ਼ਰਮਾ ਨੇ 39 ਦੌੜਾਂ ਬਣਾਈਆਂ। ਯਸ਼ਸਵੀ 15 ਦੌੜਾਂ ਬਣਾ ਕੇ ਆਊਟ ਹੋ ਗਏ। ਕੇਐਲ ਰਾਹੁਲ 22 ਦੌੜਾਂ ਬਣਾ ਕੇ ਆਊਟ ਹੋਏ। ਅਕਸ਼ਰ ਪਟੇਲ 17 ਦੌੜਾਂ ਬਣਾ ਕੇ ਆਊਟ ਹੋ ਗਏ। ਸ਼੍ਰੀਕਰ ਭਰਤ ਨੇ 28 ਦੌੜਾਂ ਬਣਾਈਆਂ। ਰਵੀਚੰਦਰਨ ਅਸ਼ਵਿਨ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 246 ਦੌੜਾਂ ਅਤੇ ਦੂਜੀ ਪਾਰੀ ਵਿੱਚ 420 ਦੌੜਾਂ ਬਣਾਈਆਂ ਸਨ। ਉਸ ਨੇ ਇਹ ਮੈਚ 28 ਦੌੜਾਂ ਨਾਲ ਜਿੱਤ ਲਿਆ।