Suryakumar Yadav: ਆਈਸੀਸੀ ਟੀ-20 ਅੰਤਰਰਾਸ਼ਟਰੀ ਰੈਂਕਿੰਗ 'ਚ ਨੰਬਰ 1 ਬੱਲੇਬਾਜ਼ ਸੂਰਿਆਕੁਮਾਰ ਯਾਦਵ (Suryakumar Yadav) ਦੇ ਨਾਂ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੈ। ਉਹ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ T20I ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਸਕਦਾ ਹੈ। ਇਸ ਦੇ ਲਈ ਉਹਨਾਂ ਨੂੰ ਨਿਊਜ਼ੀਲੈਂਡ ਸੀਰੀਜ਼ 'ਚ 286 ਦੌੜਾਂ ਬਣਾਉਣੀਆਂ ਪੈਣਗੀਆਂ। ਜੇ ਉਹ ਅਜਿਹਾ ਕਰਨ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਮੁਹੰਮਦ ਰਿਜ਼ਵਾਨ ਨੂੰ ਪਿੱਛੇ ਛੱਡ ਦੇਵੇਗਾ।


ਮੁਹੰਮਦ ਰਿਜ਼ਵਾਨ ਨੇ ਸਾਲ 2021 ਵਿੱਚ 1326 ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਈਆਂ। ਸੂਰਿਆਕੁਮਾਰ ਨੇ ਇਸ ਸਾਲ 1040 ਦੌੜਾਂ ਬਣਾਈਆਂ ਹਨ। ਜੇਕਰ ਉਹਨਾਂ ਨੇ ਇਸ ਰਿਕਾਰਡ 'ਚ ਰਿਜ਼ਵਾਨ ਨੂੰ ਹਰਾਉਣਾ ਹੈ ਤਾਂ ਉਹਨਾਂ ਨੂੰ ਨਿਊਜ਼ੀਲੈਂਡ ਖਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਬੈਕ ਟੂ ਬੈਕ ਵੱਡੀ ਪਾਰੀ ਖੇਡਣੀ ਹੋਵੇਗੀ। ਸੂਰਿਆਕੁਮਾਰ ਕੋਲ ਇਸ ਸਾਲ ਇਹ ਆਖਰੀ ਮੌਕਾ ਹੈ ਕਿਉਂਕਿ ਇਸ ਤੋਂ ਬਾਅਦ ਭਾਰਤੀ ਟੀਮ 31 ਦਸੰਬਰ ਤੱਕ ਕੋਈ ਵੀ ਟੀ-20 ਮੈਚ ਨਹੀਂ ਖੇਡੇਗੀ।


 ਸ਼ਾਨਦਾਰ ਲੈਅ ਵਿੱਚ ਹੈ ਸੂਰਿਆ


ਤਿੰਨ ਟੀ-20 ਮੈਚਾਂ 'ਚ 286 ਦੌੜਾਂ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈ ਪਰ ਸੂਰਿਆਕੁਮਾਰ ਜਿਸ ਤਰ੍ਹਾਂ ਫਾਰਮ 'ਚ ਹਨ, ਇਹ ਓਨਾ ਮੁਸ਼ਕਿਲ ਵੀ ਨਹੀਂ ਹੈ। ਸੂਰਿਆਕੁਮਾਰ ਯਾਦਵ ਨੇ ਇਸ ਸਾਲ 29 ਮੈਚਾਂ ਵਿੱਚ 43.33 ਦੀ ਬੱਲੇਬਾਜ਼ੀ ਔਸਤ ਅਤੇ 185.71 ਦੀ ਧਮਾਕੇਦਾਰ ਸਟ੍ਰਾਈਕ ਰੇਟ ਨਾਲ 1040 ਦੌੜਾਂ ਬਣਾਈਆਂ ਹਨ। ਉਹ ਇੱਕ ਕੈਲੰਡਰ ਸਾਲ ਵਿੱਚ 1000 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਹੈ। ਇਸ ਸਾਲ ਉਨ੍ਹਾਂ ਨੇ 9 ਅਰਧ ਸੈਂਕੜੇ ਅਤੇ ਇਕ ਸੈਂਕੜਾ ਵੀ ਲਗਾਇਆ ਹੈ।


T20I ਕਰੀਅਰ ਵਿੱਚ 179 ਦੀ ਸਟ੍ਰਾਈਕ ਰੇਟ


ਸੂਰਿਆਕੁਮਾਰ ਯਾਦਵ ਨੇ ਪਿਛਲੇ ਸਾਲ ਹੀ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਹੈ। ਹੁਣ ਤੱਕ ਉਸ ਨੇ ਸਿਰਫ 40 ਮੈਚ ਖੇਡੇ ਹਨ। ਇੱਥੇ ਉਸ ਨੇ 41.41 ਦੀ ਔਸਤ ਅਤੇ 179.07 ਦੀ ਸਟ੍ਰਾਈਕ ਰੇਟ ਨਾਲ 1284 ਦੌੜਾਂ ਬਣਾਈਆਂ ਹਨ। ਆਪਣੇ ਛੋਟੇ ਕਰੀਅਰ 'ਚ ਉਹ ਟੀ-20 ਦਾ ਨੰਬਰ-1 ਬੱਲੇਬਾਜ਼ ਬਣ ਗਿਆ ਹੈ। ਉਸਨੇ ਆਪਣੇ ਅਸਾਧਾਰਨ ਸ਼ਾਟ ਲਈ ਦੁਨੀਆ ਭਰ ਵਿੱਚ ਪਛਾਣ ਬਣਾਈ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।