IND vs SA:  ਵਿਰਾਟ ਕੋਹਲੀ ਜੂਨ 'ਚ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ 'ਚ ਗੈਰਹਾਜ਼ਰ ਹੋ ਸਕਦੇ ਹਨ। ਚੋਣਕਾਰ ਇੰਗਲੈਂਡ ਦੌਰੇ ਤੋਂ ਪਹਿਲਾਂ ਉਸ ਨੂੰ ਆਰਾਮ ਦੇਣ ਦੇ ਮੂਡ ਵਿੱਚ ਹਨ। ਸੀਰੀਜ਼ ਦੇ ਪਹਿਲੇ ਦੋ ਜਾਂ ਤਿੰਨ ਮੈਚਾਂ ਲਈ ਕੁਝ ਹੋਰ ਸੀਨੀਅਰ ਖਿਡਾਰੀਆਂ ਨੂੰ ਵੀ ਆਰਾਮ ਦਿੱਤਾ ਜਾ ਸਕਦਾ ਹੈ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।



ਬੀਸੀਸੀਆਈ ਅਧਿਕਾਰੀ ਨੇ ਕਿਹਾ, 'ਦੱਖਣੀ ਅਫਰੀਕਾ ਸੀਰੀਜ਼ ਦੌਰਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਉਹ ਕਾਫੀ ਕ੍ਰਿਕਟ ਖੇਡ ਰਹੇ ਹਨ ਅਤੇ ਲੰਬੇ ਸਮੇਂ ਤੋਂ ਬਾਇਓ ਬਬਲ 'ਚ ਹਨ। ਵਿਰਾਟ ਕੋਹਲੀ ਸਮੇਤ ਸੀਨੀਅਰ ਖਿਡਾਰੀਆਂ ਲਈ ਨੀਤੀ ਬਣਾਈ ਗਈ ਹੈ ਕਿ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਜ਼ਰੂਰੀ ਬ੍ਰੇਕ ਦਿੱਤੇ ਜਾ ਸਕਦੇ ਹਨ।

ਆਈਪੀਐਲ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਭਾਰਤ ਦੌਰੇ 'ਤੇ ਹੋਵੇਗੀ। ਦੋਵਾਂ ਟੀਮਾਂ ਵਿਚਾਲੇ 9 ਜੂਨ ਤੋਂ 19 ਜੂਨ ਤੱਕ ਕੁੱਲ 5 ਟੀ-20 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਟੀਮ ਇੰਡੀਆ ਜੂਨ-ਜੁਲਾਈ 'ਚ ਬ੍ਰਿਟੇਨ ਦਾ ਦੌਰਾ ਕਰੇਗੀ। ਭਾਰਤੀ ਟੀਮ ਪਹਿਲਾਂ ਆਇਰਲੈਂਡ ਦੇ ਖਿਲਾਫ ਟੀ-20 ਸੀਰੀਜ਼ ਖੇਡੇਗੀ ਤੇ ਫਿਰ 2021 'ਚ ਇੰਗਲੈਂਡ ਨਾਲ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਬਾਕੀ ਬਚਿਆ ਮੈਚ ਖੇਡੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ 3 ਟੀ-20 ਅਤੇ 3 ਵਨਡੇ ਮੈਚਾਂ ਦੀ ਸੀਰੀਜ਼ ਵੀ ਹੋਵੇਗੀ।

ਲੰਬੇ ਸਮੇਂ ਤੋਂ ਫਾਰਮ ਤੋਂ ਬਾਹਰ ਹਨ ਵਿਰਾਟ ਕੋਹਲੀ
ਵਿਰਾਟ ਕੋਹਲੀ ਲਗਭਗ ਤਿੰਨ ਸਾਲਾਂ ਤੋਂ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਸੈਂਕੜਾ ਨਹੀਂ ਲਗਾ ਸਕੇ ਹਨ। ਅੰਤਰਰਾਸ਼ਟਰੀ ਕ੍ਰਿਕਟ 'ਚ ਆਊਟ ਆਫ ਫਾਰਮ ਚਲਾ ਰਹੇ ਕੋਹਲੀ ਇਸ ਵਾਰ IPL 'ਚ ਵੀ ਬੇਰੰਗ ਨਜ਼ਰ ਆ ਰਹੇ ਹਨ। ਹੁਣ ਤੱਕ ਉਹ 12 ਮੈਚਾਂ ਵਿੱਚ 19.63 ਦੀ ਬੱਲੇਬਾਜ਼ੀ ਔਸਤ ਨਾਲ ਸਿਰਫ਼ 216 ਦੌੜਾਂ ਹੀ ਬਣਾ ਸਕਿਆ ਹੈ। ਇਸ ਦੌਰਾਨ ਉਸ ਦਾ ਸਟਰਾਈਕ ਰੇਟ ਵੀ ਸਿਰਫ 111.34 ਰਿਹਾ ਹੈ।

ਹੋਰ ਸੀਨੀਅਰ ਖਿਡਾਰੀਆਂ ਨੂੰ ਵੀ ਦਿੱਤਾ ਜਾਵੇਗਾ ਰੈਸਟ
ਵਿਰਾਟ ਕੋਹਲੀ ਤੋਂ ਇਲਾਵਾ ਹੋਰ ਸੀਨੀਅਰ ਖਿਡਾਰੀਆਂ ਨੂੰ ਵੀ ਦੱਖਣੀ ਅਫਰੀਕਾ ਸੀਰੀਜ਼ ਦੌਰਾਨ ਆਰਾਮ ਦਿੱਤਾ ਜਾ ਸਕਦਾ ਹੈ। ਇਨ੍ਹਾਂ ਖਿਡਾਰੀਆਂ ਨੂੰ ਸੀਰੀਜ਼ ਦੇ ਪਹਿਲੇ ਦੋ ਜਾਂ ਤਿੰਨ ਮੈਚਾਂ ਲਈ ਆਰਾਮ ਦਿੱਤਾ ਜਾ ਸਕਦਾ ਹੈ। ਹਾਲਾਂਕਿ ਇਸ ਸੀਰੀਜ਼ 'ਚ ਕੋਰ ਟੀਮ ਦੇ ਹੋਰ ਖਿਡਾਰੀ ਉਪਲਬਧ ਹੋਣਗੇ। ਬੀਸੀਸੀਆਈ ਦੇ ਇਕ ਅਧਿਕਾਰੀ ਮੁਤਾਬਕ, 'ਕਪਤਾਨ ਰੋਹਿਤ ਸ਼ਰਮਾ ਨੂੰ ਵੀ ਆਰਾਮ ਦੀ ਲੋੜ ਹੈ ਕਿਉਂਕਿ ਕਾਫੀ ਕ੍ਰਿਕਟ ਖੇਡੀ ਜਾ ਰਹੀ ਹੈ। ਕੇਐੱਲ ਰਾਹੁਲ, ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ ਅਤੇ ਹੋਰ ਖਿਡਾਰੀਆਂ ਨੂੰ ਵੀ ਸਮੇਂ-ਸਮੇਂ 'ਤੇ ਆਰਾਮ ਦੀ ਲੋੜ ਹੋਵੇਗੀ।