ਆਈਪੀਐਲ 2022 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੀ ਚੇਨਈ ਸੁਪਰ ਕਿੰਗਜ਼ ਨੂੰ ਹੁਣ ਇੱਕ ਹੋਰ ਝਟਕਾ ਲੱਗਾ ਹੈ। ਸਾਬਕਾ ਕਪਤਾਨ ਅਤੇ ਆਲਰਾਊਂਡਰ ਰਵਿੰਦਰ ਜਡੇਜਾ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਇਸ ਗੱਲ ਦੀ ਪੁਸ਼ਟੀ ਚੇਨਈ ਸੁਪਰ ਕਿੰਗਜ਼ ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਕੀਤੀ ਹੈ। ਵਿਸ਼ਵਨਾਥਨ ਨੇ ਕਿਹਾ, "ਉਸ ਦੀ ਪਸਲੀ 'ਚ ਸੱਟ ਹੈ।" "ਡਾਕਟਰੀ ਸਲਾਹ ਹੈ ਕਿ ਉਸ ਨੂੰ ਇਸ 'ਤੇ ਦਬਾਅ ਨਹੀਂ ਪਾਉਣਾ ਚਾਹੀਦਾ, ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਉਸ ਨੂੰ ਆਈਪੀਐਲ ਛੱਡ ਦੇਣਾ ਚਾਹੀਦਾ ਹੈ।"
ਰਵਿੰਦਰ ਜਡੇਜਾ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਖੇਡੇ ਗਏ ਮੈਚ 'ਚ ਜ਼ਖਮੀ ਹੋ ਗਏ ਸੀ। ਅਜਿਹੇ 'ਚ ਉਸ ਨੂੰ ਦਿੱਲੀ ਕੈਪੀਟਲਸ ਖਿਲਾਫ ਪਲੇਇੰਗ 11 'ਚ ਸ਼ਾਮਲ ਨਹੀਂ ਕੀਤਾ ਗਿਆ। ਟੌਸ ਦੌਰਾਨ ਕਪਤਾਨ ਧੋਨੀ ਨੇ ਦੱਸਿਆ ਸੀ ਕਿ ਜਡੇਜਾ ਫਿੱਟ ਨਹੀਂ ਹੈ। ਇਸ ਮੈਚ ਵਿੱਚ ਚੇਨਈ ਨੇ ਦਿੱਲੀ ਨੂੰ 91 ਦੌੜਾਂ ਨਾਲ ਹਰਾਇਆ। CSK ਪ੍ਰਬੰਧਨ ਲਗਾਤਾਰ ਉਸ ਦੀ ਸੱਟ 'ਤੇ ਨਜ਼ਰ ਰੱਖ ਰਿਹਾ ਸੀ। ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ। ਹੁਣ ਆਈ.ਪੀ.ਐੱਲ. ਪਲੇਆਫ ਵੱਲ ਵਧ ਰਿਹਾ ਹੈ ਅਤੇ ਅਜਿਹੇ 'ਚ ਚੇਨਈ ਮੈਦਾਨ 'ਤੇ ਉਤਰ ਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ।
ਇੰਡੀਅਨ ਪ੍ਰੀਮੀਅਰ ਲੀਗ 'ਚ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਚਾਰ ਵਾਰ ਦੀ ਜੇਤੂ ਚੇਨਈ ਸੁਪਰ ਕਿੰਗਜ਼ ਨੇ ਹੁਣ ਤੱਕ 11 ਮੈਚ ਖੇਡੇ ਹਨ ਅਤੇ 4 ਵਿੱਚ ਜਿੱਤ ਦਰਜ ਕੀਤੀ ਹੈ। ਚੇਨਈ 16 ਅੰਕਾਂ ਨਾਲ ਅੰਕ ਸੂਚੀ ਵਿੱਚ 9ਵੇਂ ਸਥਾਨ 'ਤੇ ਹੈ। ਚੇਨਈ ਦੀ ਟੀਮ ਲਈ ਪਲੇਆਫ 'ਚ ਪਹੁੰਚਣਾ ਥੋੜ੍ਹਾ ਮੁਸ਼ਕਿਲ ਹੈ। ਟੀਮ ਨੂੰ ਆਪਣੇ ਬਾਕੀ ਤਿੰਨ ਮੈਚ ਜਿੱਤਣ ਦੇ ਨਾਲ-ਨਾਲ ਦੂਜੀਆਂ ਟੀਮਾਂ 'ਤੇ ਵੀ ਨਿਰਭਰ ਰਹਿਣਾ ਹੋਵੇਗਾ।
ਉੱਥੇ ਹੀ ਜਡੇਜਾ ਦੀ ਗੱਲ ਕਰੀਏ ਤਾਂ ਇਸ ਸੀਜ਼ਨ 'ਚ ਉਹ ਫਿੱਕੇ ਨਜ਼ਰ ਆਏ। ਉਸ ਨੇ 10 ਮੈਚਾਂ ਵਿੱਚ 19.33 ਦੀ ਔਸਤ ਅਤੇ 118.36 ਦੀ ਸਟ੍ਰਾਈਕ ਰੇਟ ਨਾਲ 116 ਦੌੜਾਂ ਬਣਾਈਆਂ ਹਨ ਅਤੇ 5 ਵਿਕਟਾਂ ਲਈਆਂ ਹਨ। ਇਸ ਸੀਜ਼ਨ ਵਿੱਚ ਉਸਦਾ ਸਰਵੋਤਮ ਸਕੋਰ ਨਾਬਾਦ 26 ਹੈ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਟੀਮ ਦੀ ਕਮਾਨ ਸੌਂਪੀ ਗਈ ਸੀ ਪਰ 8 ਵਿੱਚੋਂ 6 ਹਾਰਾਂ ਮਗਰੋਂ ਉਸ ਨੇ ਕਪਤਾਨੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ: Mustard Oil Price: ਆਮ ਲੋਕਾਂ ਨੂੰ ਝਟਕਾ! ਖਾਣ ਵਾਲਾ ਤੇਲ ਮਹਿੰਗਾ, ਜਾਣੋ 1 ਲੀਟਰ ਤੇਲ ਦੀਆਂ ਨਵੀਂ ਕੀਮਤਾਂ