India vs England 2nd T20I, Women Cricket: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੂਜੇ ਟੀ-20 ਮੈਚ ਵਿੱਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ। ਡਰਬੀ ਕ੍ਰਿਕਟ ਗਰਾਊਂਡ 'ਤੇ ਖੇਡੇ ਗਏ ਇਸ ਮੈਚ 'ਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 79 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ 149.06 ਦੀ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ 53 ਗੇਂਦਾਂ 'ਚ 13 ਚੌਕੇ ਲਗਾਏ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਮਹਿਲਾ ਟੀਮ ਨੇ 6 ਵਿਕਟਾਂ 'ਤੇ 142 ਦੌੜਾਂ ਬਣਾਈਆਂ। ਭਾਰਤੀ ਟੀਮ ਨੇ 143 ਦੌੜਾਂ ਦਾ ਟੀਚਾ 16.4 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ।





ਸਮ੍ਰਿਤੀ ਦਾ ਜਲਵਾ 


ਸਮ੍ਰਿਤੀ ਮੰਧਾਨਾ ਨੇ ਭਾਰਤੀ ਟੀਮ ਲਈ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲੀ ਹੈ। ਉਹਨਾਂ ਨੇ ਸ਼ੈਫਾਲੀ ਵਰਮਾ ਨਾਲ ਪਹਿਲੀ ਵਿਕਟ ਲਈ 55 ਦੌੜਾਂ ਜੋੜੀਆਂ। ਸ਼ੈਫਾਲੀ ਨੇ 17 ਗੇਂਦਾਂ 'ਚ 4 ਚੌਕੇ ਲਾ ਕੇ 20 ਦੌੜਾਂ ਬਣਾਈਆਂ। ਫਿਰ ਮੰਧਾਨਾ ਨੇ ਡੀ ਹੇਮਲਤਾ (9) ਨਾਲ ਦੂਜੇ ਵਿਕਟ ਲਈ 22 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਟੀਮ ਦਾ ਕੋਈ ਵਿਕਟ ਨਹੀਂ ਡਿੱਗਿਆ ਅਤੇ ਮੰਧਾਨਾ ਨੇ ਕਪਤਾਨ ਹਰਮਨਪ੍ਰੀਤ ਨਾਲ ਮਿਲ ਕੇ ਜਿੱਤ ਦਿਵਾਈ। ਮੰਧਾਨਾ ਨੂੰ ਉਹਨਾਂ ਦੀ ਪਾਰੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਹਰਮਨਪ੍ਰੀਤ ਨੇ 22 ਗੇਂਦਾਂ 'ਤੇ ਨਾਬਾਦ 29 ਦੌੜਾਂ ਦੀ ਪਾਰੀ ਖੇਡੀ ਜਿਸ 'ਚ 4 ਚੌਕੇ ਸ਼ਾਮਲ ਸਨ। ਦੋਵਾਂ ਨੇ ਤੀਜੀ ਵਿਕਟ ਲਈ 69 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।


ਇੰਗਲੈਂਡ ਦੀ ਰਹੀ ਖਰਾਬ ਸ਼ੁਰੂਆਤ


ਇਸ ਮੈਚ 'ਚ ਇੰਗਲੈਂਡ ਦੀ ਕਪਤਾਨ ਐਮੀ ਜੌਨਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਉਨ੍ਹਾਂ ਦਾ ਇਹ ਫੈਸਲਾ ਸਹੀ ਸਾਬਤ ਨਹੀਂ ਹੋਇਆ ਅਤੇ ਪਾਰੀ ਦੇ ਦੂਜੇ ਓਵਰ ਵਿੱਚ ਸਲਾਮੀ ਬੱਲੇਬਾਜ਼ ਸੋਫੀਆ ਡੰਕਲੇ (5) ਨੂੰ ਦੀਪਤੀ ਸ਼ਰਮਾ ਨੇ ਆਊਟ ਕਰ ਦਿੱਤਾ। ਅਗਲੇ ਓਵਰ ਵਿੱਚ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ ਡੇਨੀਅਲ ਵਾਟ (6) ਨੂੰ ਪੈਵੇਲੀਅਨ ਭੇਜਿਆ। ਇੰਗਲੈਂਡ ਦੀ ਅੱਧੀ ਟੀਮ 54 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਚੁੱਕੀ ਸੀ।


ਕੈਂਪ ਅਤੇ ਬੌਚੀਅਰ ਨੇ ਦਿੱਤਾ ਯੋਗਦਾਨ 


ਅਜਿਹਾ ਲੱਗ ਰਿਹਾ ਸੀ ਕਿ ਇੰਗਲੈਂਡ ਦੀ ਟੀਮ ਭਾਰਤੀ ਮਹਿਲਾ ਗੇਂਦਬਾਜ਼ਾਂ ਦੇ ਸਾਹਮਣੇ ਬਹੁਤਾ ਕੁਝ ਨਹੀਂ ਕਰ ਸਕੇਗੀ ਅਤੇ 100 ਤੋਂ ਘੱਟ ਦੇ ਸਕੋਰ 'ਤੇ ਹੀ ਸਿਮਟ ਜਾਵੇਗੀ ਪਰ ਫ੍ਰੇਆ ਕੇਮਪ ਅਤੇ ਐਮ ਬਾਊਚੀਅਰ ਨੇ ਛੇਵੇਂ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ। ਬਾਊਚੀਅਰ ਨੇ 26 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ ਜਦਕਿ ਫ੍ਰੇਆ ਨੇ 37 ਗੇਂਦਾਂ 'ਤੇ ਤਿੰਨ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 51 ਦੌੜਾਂ ਦਾ ਯੋਗਦਾਨ ਪਾਇਆ।


ਸਨੇਹ ਰਾਣਾ (Sneh Rana) ਨੇ ਗੇਂਦ ਨਾਲ ਕੀਤਾ ਕਮਾਲ ਦਾ ਪ੍ਰਦਰਸ਼ਨ


ਭਾਰਤ ਵੱਲੋਂ ਸਨੇਹ ਰਾਣਾ ਨੇ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 24 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਆਫ ਸਪਿਨਰ ਨੇ ਕਪਤਾਨ ਐਮੀ ਜੌਨਸ, ਬੀ ਸਮਿਥ ਅਤੇ ਬਾਊਚੀਅਰ ਦੀਆਂ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਰੇਣੁਕਾ ਸਿੰਘ ਅਤੇ ਦੀਪਤੀ ਸ਼ਰਮਾ ਨੂੰ ਇਕ-ਇਕ ਵਿਕਟ ਮਿਲੀ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਤੀਜਾ ਅਤੇ ਫੈਸਲਾਕੁੰਨ ਟੀ-20 ਮੈਚ 15 ਸਤੰਬਰ ਨੂੰ ਬ੍ਰਿਸਟਲ 'ਚ ਖੇਡਿਆ ਜਾਵੇਗਾ।