T20 World Cup 2022: ਟੀਮ ਇੰਡੀਆ ਨੇ ਅਗਲੇ ਮਹੀਨੇ ਆਸਟ੍ਰੇਲੀਆ 'ਚ ਸ਼ੁਰੂ ਹੋਣ ਵਾਲੇ T20 ਵਿਸ਼ਵ ਕੱਪ ਲਈ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਸੋਮਵਾਰ ਨੂੰ ਭਾਰਤੀ ਟੀਮ ਦੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਟੀਮ ਦੇ ਨਵੀਂ ਜਰਸੀ ਦੇ ਆਉਣ ਦੀ ਜਾਣਕਾਰੀ ਮਿਲੀ ਹੈ। ਭਾਰਤੀ ਕ੍ਰਿਕਟ ਟੀਮ ਦੇ ਅਧਿਕਾਰਤ ਕਿੱਟ ਪਾਰਟਨਰ 'ਐਮਪੀਐਲ ਸਪੋਰਟਸ' ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਖੁਲਾਸਾ ਹੋਇਆ ਹੈ ਕਿ ਭਾਰਤੀ ਟੀਮ ਨਵੀਂ ਜਰਸੀ ਦੇ ਨਾਲ ਟੀ-20 ਵਿਸ਼ਵ ਕੱਪ 'ਚ ਨਜ਼ਰ ਆਵੇਗੀ।
ਇਸ ਵੀਡੀਓ 'ਚ ਰੋਹਿਤ ਸ਼ਰਮਾ, ਸ਼੍ਰੇਅਸ ਅਈਅਰ ਅਤੇ ਹਾਰਦਿਕ ਪੰਡਯਾ ਨਜ਼ਰ ਆ ਰਹੇ ਹਨ। ਰੋਹਿਤ ਸ਼ਰਮਾ ਕਹਿ ਰਹੇ ਹਨ, 'ਫੈਨਜ਼ ਹੋਣ ਦੇ ਨਾਤੇ ਤੁਸੀਂ ਸਾਨੂੰ ਕ੍ਰਿਕਟਰ ਬਣਾਇਆ ਹੈ।' ਸ਼੍ਰੇਅਸ ਕਹਿੰਦੇ ਹਨ, 'ਤੁਸੀਂ ਲੋਕ ਜਿਹੜਾ ਉਤਸ਼ਾਹ ਵਧਾਉਂਦੇ ਹੋ, ਉਸ ਤੋਂ ਬਗੈਰ ਖੇਡ 'ਚ ਕੋਈ ਮਜ਼ਾ ਨਹੀਂ ਹੈ।' ਇਸ ਤੋਂ ਬਾਅਦ ਹਾਰਦਿਕ ਪੰਡਯਾ ਫੈਨਜ਼ ਨੂੰ ਟੀਮ ਇੰਡੀਆ ਦੀ ਨਵੀਂ ਜਰਸੀ ਦਾ ਹਿੱਸਾ ਬਣਨ ਲਈ ਕਹਿੰਦੇ ਨਜ਼ਰ ਆ ਰਹੇ ਹਨ।
ਇਹ ਵੀਡੀਓ ਸਾਹਮਣੇ ਆਉਂਦੇ ਹੀ ਫੈਨਜ਼ ਨੇ ਨਵੀਂ ਜਰਸੀ ਲਈ ਸੁਝਾਅ ਦੇਣਾ ਸ਼ੁਰੂ ਕਰ ਦਿੱਤਾ ਹੈ। ਕੋਈ ਪੁਰਾਣੀ ਸਕਾਈ ਬਲੂ ਰੰਗ ਦੀ ਜਰਸੀ ਦੀ ਮੰਗ ਕਰ ਰਿਹਾ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਇਸ ਵਾਰ ਇਹ ਉਹੀ ਜਰਸੀ ਹੋਵੇਗੀ, ਜੋ 2007 'ਚ ਹੋਏ ਪਹਿਲੇ ਟੀ-20 ਵਿਸ਼ਵ ਕੱਪ 'ਚ ਸੀ।
ਸੁਪਰ-12 ਦੇ ਮੈਚ 22 ਅਕਤੂਬਰ ਤੋਂ ਸ਼ੁਰੂ ਹੋਣਗੇ
ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 22 ਅਕਤੂਬਰ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਮੈਚ ਨਾਲ ਹੋਵੇਗੀ। ਇਹ ਮੈਚ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ 16 ਤੋਂ 21 ਅਕਤੂਬਰ ਦਰਮਿਆਨ ਕੁਆਲੀਫਾਇੰਗ ਮੈਚ ਵੀ ਖੇਡੇ ਜਾਣਗੇ। ਭਾਰਤੀ ਟੀਮ ਇੱਥੇ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗੀ।
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਯੁਜਵੇਂਦਰ ਚਾਹਲ, ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ।
ਕੋਹਲੀ ਨੇ ਕੀਤੀ ਸ਼ਾਨਦਾਰ ਵਾਪਸੀ
ਵਿਰਾਟ ਕੋਹਲੀ ਨੇ ਏਸ਼ੀਆ ਕੱਪ ਤੋਂ ਪਹਿਲਾਂ ਬ੍ਰੇਕ ਲਿਆ। ਉਨ੍ਹਾਂ ਦੀ ਫਾਰਮ 'ਤੇ ਸਵਾਲ ਉਠਾਏ ਜਾ ਰਹੇ ਸਨ। ਪਰ ਉਸ ਨੇ ਇੱਕ ਸੈਂਕੜੇ ਅਤੇ 2 ਅਰਧ ਸੈਂਕੜਿਆਂ ਦੀ ਮਦਦ ਨਾਲ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾ ਕੇ ਏਸ਼ੀਆ ਕੱਪ ਵਿੱਚ ਫਾਰਮ ਵਿੱਚ ਵਾਪਸੀ ਦੇ ਸੰਕੇਤ ਦਿੱਤੇ ਹਨ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਵੀ 11 ਵਿਕਟਾਂ ਲਈਆਂ। ਨੌਜਵਾਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਵੀ ਡੈੱਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।