Champions Trophy 2025 Host: ਚੈਂਪੀਅਨਸ ਟਰਾਫੀ ਦੇ ਮਾਮਲੇ ਨੇ ਹੁਣ ਇੱਕ ਵੱਖਰਾ ਮੋੜ ਲੈ ਲਿਆ ਹੈ। ਇਹ ICC ਟੂਰਨਾਮੈਂਟ ਹੁਣ ਪਾਕਿਸਤਾਨ (Pakistan) ਵਿੱਚ ਨਹੀਂ ਸਗੋਂ ਭਾਰਤ (India) ਵਿੱਚ ਕਰਵਾਇਆ ਜਾ ਸਕਦਾ ਹੈ। ਇਹ ਅਪਡੇਟ ਅਜਿਹੇ ਸਮੇਂ 'ਚ ਆਈ ਹੈ ਜਦੋਂ ਚੈਂਪੀਅਨਸ ਟਰਾਫੀ 'ਤੇ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਹਨ ਤੇ PCB ਨੇ ਇੱਥੋਂ ਤੱਕ ਧਮਕੀ ਦਿੱਤੀ ਹੈ ਕਿ ਜੇ ਟੀਮ ਇੰਡੀਆ ਚੈਂਪੀਅਨਸ ਟਰਾਫੀ ਖੇਡਣ ਲਈ ਪਾਕਿਸਤਾਨ ਨਹੀਂ ਆਉਂਦੀ ਤਾਂ ਉਹ ਉਸ ਨਾਲ ਭਵਿੱਖ ਵਿੱਚ ਕੋਈ ਵੀ ਮੈਚ ਨਹੀਂ ਖੇਡੇਗੀ। ਤੁਹਾਨੂੰ ਦੱਸ ਦੇਈਏ ਕਿ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਬਾਹਰ ਕਰਨ ਦੀਆਂ ਅਟਕਲਾਂ ਜ਼ੋਰ ਫੜਦੀਆਂ ਜਾ ਰਹੀਆਂ ਹਨ।



ਜੇ ਪਾਕਿਸਤਾਨ ਚੈਂਪੀਅਨਸ ਟਰਾਫੀ ਤੋਂ ਹਟ ਜਾਂਦਾ ਹੈ ਤਾਂ ਅਜਿਹੇ 'ਚ ਪੂਰਾ ਟੂਰਨਾਮੈਂਟ ਪਾਕਿਸਤਾਨ ਤੋਂ ਬਾਹਰ ਹੋ ਸਕਦਾ ਹੈ। ਹਾਲ ਹੀ 'ਚ ਦੱਖਣੀ ਅਫਰੀਕਾ ਨੂੰ ਚੈਂਪੀਅਨਸ ਟਰਾਫੀ ਦੇ ਸੰਭਾਵੀ ਮੇਜ਼ਬਾਨ ਦੇ ਰੂਪ 'ਚ ਦੇਖਿਆ ਜਾ ਰਿਹਾ ਸੀ ਪਰ ਇੱਕ ਰਿਪੋਰਟ ਮੁਤਾਬਕ ਅਫਰੀਕਾ ਦਾ ਵਿਕਲਪ ਹੁਣ ਖਤਮ ਹੋ ਗਿਆ ਹੈ ਕਿਉਂਕਿ SA20 ਲੀਗ ਚੈਂਪੀਅਨਸ ਟਰਾਫੀ ਤੋਂ ਕੁਝ ਦਿਨ ਪਹਿਲਾਂ ਹੀ ਖਤਮ ਹੋਵੇਗੀ ਤੇ ਪਿੱਚਾਂ ਦੀ ਸਮੇਂ ਉੱਤੇ ਮੁਰੰਮਤ ਨਹੀਂ ਕੀਤੀ ਜਾ ਸਕੇਗੀ।


ਇਸੇ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਜੇ ਪਾਕਿਸਤਾਨ ਟੂਰਨਾਮੈਂਟ ਤੋਂ ਹਟ ਜਾਂਦਾ ਹੈ ਜਾਂ ਹਾਈਬ੍ਰਿਡ ਮਾਡਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਇਸ ਦੀ ਮੇਜ਼ਬਾਨੀ ਭਾਰਤ ਨੂੰ ਸੌਂਪੀ ਜਾ ਸਕਦੀ ਹੈ। ਇਸ ਮਾਮਲੇ 'ਤੇ ਬੀਸੀਸੀਆਈ ਨਾਲ ਵੀ ਗੱਲਬਾਤ ਸ਼ੁਰੂ ਹੋ ਗਈ ਹੈ। 



ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਬੀਸੀਸੀਆਈ ਤੋਂ ਜਵਾਬ ਮੰਗਿਆ ਸੀ ਕਿ ਟੀਮ ਇੰਡੀਆ ਦੇ ਪਾਕਿਸਤਾਨ ਨਾ ਆਉਣ ਦਾ ਕੀ ਕਾਰਨ ਹੈ? ਇਸ ਸਬੰਧ ਵਿੱਚ ਬੀਸੀਸੀਆਈ ਨੇ ਇੱਕ ਅਧਿਕਾਰਤ ਪੱਤਰ ਵੀ ਤਿਆਰ ਕੀਤਾ ਹੈ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਆਪਣੀ ਟੀਮ ਨੂੰ ਸਰਹੱਦ ਪਾਰ ਨਹੀਂ ਭੇਜਣਾ ਚਾਹੁੰਦਾ।



2008 'ਚ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਟੀਮ ਕਦੇ ਵੀ ਕੋਈ ਮੈਚ ਜਾਂ ਸੀਰੀਜ਼ ਖੇਡਣ ਲਈ ਪਾਕਿਸਤਾਨ ਨਹੀਂ ਗਈ। ਜਦੋਂ ਕਿ ਚੈਂਪੀਅਨਸ ਟਰਾਫੀ 2025 ਪਿਛਲੇ 29 ਸਾਲਾਂ ਵਿੱਚ ਪਹਿਲਾ ਆਈਸੀਸੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਜਿਸ ਦੀ ਮੇਜ਼ਬਾਨੀ ਪਾਕਿਸਤਾਨ ਕਰੇਗਾ ਪਰ ਭਾਰਤ ਦੇ ਰੁਖ ਕਾਰਨ ਪਾਕਿਸਤਾਨ ਦਾ ਇੰਤਜ਼ਾਰ ਹੋਰ ਲੰਬਾ ਹੋ ਸਕਦਾ ਹੈ। ਪਾਕਿਸਤਾਨ ਵਿੱਚ ਆਯੋਜਿਤ ਆਖਰੀ ਆਈਸੀਸੀ ਈਵੈਂਟ 1996 ਵਿਸ਼ਵ ਕੱਪ ਸੀ।