ਨਵੀਂ ਦਿੱਲੀ: ਸਾਲ 2020 'ਚ ਹੋਣ ਵਾਲੇ ਆਈਪੀਐਲ ਦੇ 13ਵੇਂ ਸੀਜ਼ਨ ਲਈ ਨਿਲਾਮੀ 19 ਦਸੰਬਰ ਨੂੰ ਕੋਲਕਾਤਾ 'ਚ ਸ਼ੁਰੂ ਹੋਣ ਜਾ ਰਹੀ ਹੈ। ਨਾਗਰਿਕਤਾ ਸੋਧ ਐਕਟ ਦੇ ਵਿਰੋਧ ਦੇ ਬਾਵਜੂਦ ਨਿਲਾਮੀ ਦਾ ਪ੍ਰਬੰਧ ਕੋਲਕਾਤਾ 'ਚ ਕੀਤਾ ਗਿਆ ਹੈ।


ਨਾਗਰਿਕਤਾ ਸੋਧ ਐਕਟ (ਸੀਏਏ) ਕਾਰਨ ਪੂਰੇ ਭਾਰਤ 'ਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਸ 'ਚ ਸਭ ਤੋਂ ਪ੍ਰਭਾਵਿਤ ਖੇਤਰ ਪੱਛਮੀ ਬੰਗਾਲ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਅਗਲਾ ਐਡੀਸ਼ਨ 72 ਘੰਟਿਆਂ ਦੇ ਅੰਦਰ ਕੋਲਕਾਤਾ 'ਚ ਨਿਲਾਮ ਕੀਤਾ ਜਾਣਾ ਹੈ, ਜਿਸ 'ਚ ਫਰੈਂਚਾਇਜ਼ੀ ਇਸ ਸ਼ਹਿਰ 'ਤੇ ਨਜ਼ਰ ਰੱਖ ਰਹੀਆਂ ਹਨ।


ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਕਿਹਾ, “ਘਬਰਾਉਣ ਦੀ ਜ਼ਰੂਰਤ ਨਹੀਂ ਪਰ ਹਾਂ ਉੱਥੇ ਜੋ ਹੋ ਰਿਹਾ ਹੈ, ਉਸ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਨਿਲਾਮੀ ਵੀਰਵਾਰ ਨੂੰ ਹੋਣੀ ਹੈ ਤੇ ਅੱਜ ਇੱਕ ਰੈਲੀ ਕੀਤੀ ਜਾ ਰਹੀ ਹੈ, ਸਾਨੂੰ ਸਥਿਤੀ ਦੀ ਨਿਰੰਤਰ ਨਿਗਰਾਨੀ ਕਰਨੀ ਪਵੇਗੀ।”

ਵਿਰੋਧ ਪ੍ਰਦਰਸ਼ਨ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਰਣਨੀਤੀ ਬਣਾਉਣ ਲਈ 20 ਦਸੰਬਰ ਨੂੰ ਆਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੀਟਿੰਗ ਸੱਦੀ ਹੈ।

ਉਧਰ ਇੱਕ ਫ੍ਰੈਂਚਾਈਜ਼ੀ ਅਧਿਕਾਰੀ ਨੇ ਕਿਹਾ ਕਿ ਬੀਸੀਸੀਆਈ ਵੱਲੋਂ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੋਈ ਅਪੀਲ ਨਹੀਂ ਕੀਤੀ ਗਈ, ਅਜਿਹੀ ਸਥਿਤੀ ‘ਚ ਵੇਖੋ ਤੇ ਇੰਤਜ਼ਾਰ ਕਰੋ ਦੀ ਨੀਤੀ ਅਪਣਾਈ ਜਾ ਰਹੀ ਹੈ। ਅਧਿਕਾਰੀ ਨੇ ਕਿਹਾ, “ਅਸੀਂ ਨਿਰੰਤਰ ਨਜ਼ਰ ਰੱਖ ਰਹੇ ਹਾਂ, ਪਰ ਅਸੀਂ ਅਜੇ ਤੱਕ ਨਿਲਾਮੀ ਵਾਲੀ ਥਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਅਪੀਲ ਨਹੀਂ ਕੀਤੀ ਹੈ।”