ਨਵੀਂ ਦਿੱਲੀ: ਦੱਖਣੀ ਅਫਰੀਕੀ ਅੰਪਾਇਰ ਸ਼ੋਨ ਜਾਰਜ ਭਾਰਤੀ ਬੱਲੇਬਾਜ਼ ਰਵਿੰਦਰ ਜਡੇਜਾ ਨਾਲ ਜੁੜੇ ਰਨ ਆਊਟ ਮਾਮਲੇ ਨੂੰ ਲੈ ਮੁਸ਼ਕਲਾਂ ‘ਚ ਘਿਰ ਗਏ ਹਨ। ਭਾਰਤ ਤੇ ਵੈਸਟਇੰਡੀਜ਼ ‘ਚ ਖੇਡੇ ਗਏ ਪਹਿਲੇ ਵਨਡੇ ਮੁਕਾਬਲੇ ‘ਚ ਭਾਰਤੀ ਪਾਰੀ ਦੌਰਾਨ ਜੌਰਜ ਨੇ ਜਡੇਜਾ ਨੂੰ ਸ਼ੁਰੂਆਤ ‘ਚ ਤਾਂ ਰਨ ਆਊਟ ਨਹੀਂ ਦਿੱਤਾ ਸੀ ਪਰ ਕੈਰੇਬਿਆਈ ਖਿਡਾਰੀਆਂ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੇ ਇਹ ਮਾਮਲਾ ਥਰਡ ਅੰਪਾਇਰ ਨੂੰ ਸੌਂਪ ਦਿੱਤਾ, ਜਿਸ ਤੋਂ ਬਾਅਦ ਜਡੇਜਾ ਨੂੰ ਆਊਟ ਐਲਾਨ ਦਿੱਤਾ ਗਿਆ।

ਇਹ ਘਟਨਾ ਭਾਰਤੀ ਪਾਰੀ ਦੇ 48ਵੇਂ ਓਵਰ ਦੀ ਹੈ। ਜਡੇਜਾ ਇੱਕ ਦੌੜ ਲੈਣ ਦੀ ਕੋਸ਼ਿਸ਼ ‘ਚ ਰਨ ਆਊਟ ਹੋਏ। ਜਦਕਿ ਅੰਪਾਇਰ ਨੇ ਪਹਿਲਾਂ ਉਨ੍ਹਾਂ ਨੂੰ ਆਊਟ ਨਹੀਂ ਐਲਾਨਿਆ ਸੀ ਤੇ ਨਾ ਹੀ ਤੀਜੇ ਅੰਪਾਇਰ ਦੀ ਸਲਾਹ ਮੰਗੀ ਸੀ। ਜਦੋਂ ਕੈਰੇਬਿਆਈ ਖਿਡਾਰੀ ਨੇ ਵਿਰੋਧ ਕੀਤਾ ਤਾਂ ਅੰਪਾਇਰ ਜੌਰਜ ਨੇ ਥਰਡ ਅੰਪਾਇਰ ਦੀ ਮਦਦ ਲਈ ਜਿਨ੍ਹਾਂ ਨੇ ਰਵਿੰਦਰ ਜਡੇਜਾ ਨੂੰ ਆਊਟ ਐਲਾਨ ਦਿੱਤਾ।

ਮੈਦਾਨ ਤੋਂ ਬਾਹਰ ਬੈਠੇ ਕਪਤਾਨ ਵਿਰਾਟ ਕੋਹਲੀ ਇਸ ਪੂਰੀ ਘਟਨਾ ‘ਤੇ ਕਾਫੀ ਨਾਰਾਜ਼ ਨਜ਼ਰ ਆਏ। ਉਹ ਗੁੱਸੇ ‘ਚ ਚੇਂਜਿੰਗ ਰੂਮ ਚਲੇ ਗਏ। ਕੋਹਲੀ ਨੂੰ ਇਸ ਗੱਲ ਦਾ ਗੁੱਸਾ ਆਇਆ ਸੀ ਕਿ ਬੌਲ ਡੈੱਡ ਹੋਣ ਤੋਂ ਬਾਅਦ ਆਖਰ ਅੰਪਾਇਰ ਇਸ ਮਾਮਲੇ ਨੂੰ ਥਰਡ ਅੰਪਾਇਰ ਨੂੰ ਕਿਵੇਂ ਸੌਂਪ ਸਕਦਾ ਹੈ। ਜਡੇਜਾ ਨੇ 21 ਗੇਂਦਾਂ ‘ਤੇ ਦੋ ਚੌਕਿਆਂ ਦੀ ਮਦਦ ਨਾਲ 21 ਦੌੜਾਂ ਬਣਾਈਆਂ।