ਨਵੀਂ ਦਿੱਲੀ: ਚਾਰ ਵਾਰ ਚੈਂਪੀਅਨ ਭਾਰਤ ਨੇ ਸੋਮਵਾਰ ਨੂੰ ਅੰਡਰ-19 ਵਿਸ਼ਵ ਕੱਪ 2020 ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ। ਨੌਜਵਾਨ ਭਾਰਤੀ ਟੀਮ 19 ਜਨਵਰੀ ਤੋਂ 7 ਫਰਵਰੀ ‘ਚ ਸਾਉਥ ਅਫਰੀਕਾ ‘ਚ ਪੰਜਵੀਂ ਵਾਰ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕਰਨ ਉਤਰੇਗੀ। ਉੱਤਰ ਪ੍ਰਦੇਸ਼ ਦੇ ਬੱਲੇਬਾਜ਼ ਪ੍ਰਿਅਮ ਗਰਗ ਨੂੰ 15 ਮੈਂਬਰੀ ਟੀਮ ਦੀ ਕਪਤਾਨੀ ਲਈ ਚੁਣੀਆ ਗਿਆ ਹੈ। ਧਰੁਵ ਚੰਦ ਜੁਰੇਲ ਟੀਮ ਦੇ ਉਪ ਕਪਤਾਨ ਹੋਣਗੇ ਤੇ ਵਿਕਟ-ਕੀਪਿੰਗ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ।

ਭਾਰਤ ਨੂੰ ਗਰੁੱਪ ਏ ‘ਚ ਜਾਪਾਨ, ਨਿਊਜ਼ੀਲੈਂਡ ਤੇ ਸ਼੍ਰੀਲੰਕਾ ਨਾਲ ਰੱਖਿਆ ਗਿਆ ਹੈ। ਟੂਰਨਾਮੈਂਟ ‘ਚ 16 ਟੀਮਾਂ ਹਿੱਸਾ ਲੈਣਗੀਆਂ ਤੇ ਉਨ੍ਹਾਂ ਨੂੰ ਚਾਰ ਗਰੁੱਪ ‘ਚ ਵੰਡਿਆ ਗਿਆ ਹੈ। ਮੁੰਬਈ ਦੇ ਯਸਸਵੀ ਜੈਸਵਾਲ ਨਾਲ ਦਿਵਾਂਸ਼ੂ ਸਕਸੈਨਾ, ਉੱਤਰਾਖੰਡ ਦੇ ਸ਼ਸ਼ੀ ਰਾਵਤ ਤੇ ਹੈਦਰਾਬਾਦ ਦੇ ਤਿਲ ਵਰਮਾ ਭਾਰਤ ਦੇ ਮੁੱਖ ਬੱਲੇਬਾਜ਼ਾਂ ‘ਚ ਸ਼ਾਮਲ ਹਨ।

ਵਿਜੈ ਹਜ਼ਾਰੇ ਟ੍ਰਾਫੀ ‘ਚ ਮੁੰਬਈ ਲਈ ਯਸਸਵੀ ਜਾਸਵਾਲ ਸ਼ਾਨਦਾਰ ਫੋਰਮ ‘ਚ ਸੀ। ਯਸਸਵੀ ਨੇ ਅਕਤੂਬਰ ‘ਚ ਮੁੰਬਈ ਲਈ 12 ਛੱਕਿਆਂ ਤੇ 17 ਚੌਕਿਆਂ ਦੀ ਮਦਦ ਨਾਲ 154 ਬਾਲਾਂ ‘ਤੇ 203 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਹ ਲਿਸਟ ਏ ‘ਚ ਦੋਹਰਾ ਸੈਂਕੜਾ ਲਾਉਣ ਵਾਲੇ ਸਭ ਤੋਂ ਨੌਜਵਾਨ ਬੱਲੇਬਾਜ਼ ਬਣ ਗਏ।


ਭਾਰਤ ਆਪਣੇ ਅੰਡਰ-19 ਵਿਸ਼ਵ ਕੱਪ ਦੇ ਖਿਤਾਬ ਦੀ ਰਾਖੀ ਕਰੇਗਾ। 2018 ‘ਚ ਪ੍ਰਿਥਵੀ ਸ਼ਾਅ ਦੀ ਅਗਵਾਈ ‘ਚ ਭਾਰਤ ਨੇ ਯੂ-19 ਫਾਈਨਲ ‘ਚ ਆਸਟ੍ਰੇਲੀਆ ਨੂੰ ਮਾਤ ਦਿੱਤੀ ਸੀ। ਉਸ ਸਮੇਂ ਟੀਮ ਦੇ ਕੋਰ ਰਾਹੁਲ ਦ੍ਰਵਿੜ ਸੀ।