IND vs SA T20 Series: ਭਾਰਤ ਦੱਖਣੀ ਅਫਰੀਕਾ ਦੇ ਖਿਲਾਫ 5 ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਹਾਰ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਵੱਡਾ ਸਕੋਰ ਬਣਾਇਆ ਪਰ ਉਹ ਇਸ ਦਾ ਬਚਾਅ ਨਹੀਂ ਕਰ ਸਕੀ। ਭਾਰਤੀ ਟੀਮ ਨੇ 4 ਵਿਕਟਾਂ ਦੇ ਨੁਕਸਾਨ 'ਤੇ 211 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਦੱਖਣੀ ਅਫਰੀਕਾ ਨੇ ਸਿਰਫ 3 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਹਾਰ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰਿਸ਼ਭ ਪੰਤ ਥੋੜ੍ਹੇ ਨਿਰਾਸ਼ ਨਜ਼ਰ ਆਏ। ਉਸ ਨੇ ਇਸ ਹਾਰ ਦੀ ਜ਼ਿੰਮੇਵਾਰੀ ਵੱਡੇ ਪੱਧਰ 'ਤੇ ਅਰੁਣ ਜੇਤਲੀ ਸਟੇਡੀਅਮ ਦੀ ਵਿਕਟ 'ਤੇ ਥੋਪ ਦਿੱਤੀ। ਪੰਤ ਨੇ ਕਿਹਾ ਕਿ ਦੂਜੀ ਪਾਰੀ 'ਚ ਵਿਕਟ ਬਿਹਤਰ ਹੋਈ।


ਪੰਤ ਨੇ ਕਿਹਾ, 'ਸਾਡੇ ਕੋਲ ਸਕੋਰ ਬੋਰਡ 'ਤੇ ਕਾਫੀ ਦੌੜਾਂ ਸੀ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੀ ਰਣਨੀਤੀ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਸਕੇ। ਹਾਲਾਂਕਿ, ਕਈ ਵਾਰ ਤੁਹਾਨੂੰ ਵਿਰੋਧੀ ਟੀਮ ਨੂੰ ਵੀ ਕ੍ਰੈਡਿਟ ਦੇਣਾ ਪੈਂਦਾ ਹੈ। ਮਿਲਰ ਤੇ ਰਾਸੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਧੀਮੀ ਗੇਂਦ ਨੂੰ ਖੇਡਣਾ ਮੁਸ਼ਕਲ ਹੋ ਰਿਹਾ ਸੀ ਪਰ ਦੂਜੀ ਪਾਰੀ 'ਚ ਵਿਕਟ ਬਿਹਤਰ ਹੋਈ। ਅਸੀਂ ਆਪਣੇ ਸਕੋਰ ਤੋਂ ਖੁਸ਼ ਸੀ। ਅਗਲੀ ਵਾਰ ਅਜਿਹੀ ਸਥਿਤੀ ਬਣੇਗੀ, ਤਾਂ ਅਸੀਂ ਬਿਹਤਰ ਕਰਾਂਗੇ।


ਮਿਲਰ ਤੇ ਰਾਸੀ ਨੇ ਭਾਰਤ ਤੋਂ ਮੈਚ ਖੋਹਿਆ


ਇਸ ਮੈਚ ਵਿੱਚ ਭਾਰਤੀ ਟੀਮ ਸ਼ੁਰੂ ਤੋਂ ਹੀ ਹਾਵੀ ਰਹੀ। ਭਾਰਤ ਨੇ ਈਸ਼ਾਨ ਕਿਸ਼ਨ (76) ਦੀ ਦਮਦਾਰ ਪਾਰੀ ਅਤੇ ਹੋਰ ਭਾਰਤੀ ਬੱਲੇਬਾਜ਼ਾਂ ਦੀ ਛੋਟੀ ਪਰ ਧਮਾਕੇਦਾਰ ਪਾਰੀ ਦੀ ਬਦੌਲਤ 211 ਦੌੜਾਂ ਬਣਾਈਆਂ। ਜਵਾਬ 'ਚ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੇ ਸ਼ੁਰੂਆਤੀ ਵਿਕਟ ਗੁਆਉਣ ਦੇ ਬਾਵਜੂਦ ਜ਼ੋਰਦਾਰ ਬੱਲੇਬਾਜ਼ੀ ਜਾਰੀ ਰੱਖੀ। 81 ਦੌੜਾਂ 'ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਅਫਰੀਕੀ ਬੱਲੇਬਾਜ਼ ਡੇਵਿਡ ਮਿਲਰ (64) ਅਤੇ ਰਾਸੀ ਵਾਨ ਡੇਰ ਡੁਸਨ (75) ਨੇ 63 ਗੇਂਦਾਂ 'ਤੇ ਅਜੇਤੂ 131 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਮੈਚ 'ਚ ਹਰਾ ਦਿੱਤਾ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ 'ਚ ਪਾਕਿਸਤਾਨ ਦੀ ਐਂਟਰੀ! ਖਾਲਿਸਤਾਨੀ ਰਿੰਦਾ ਤੇ ISI ਨਾਲ ਜੁੜੇ ਤਾਰ?