T20 WC 2022 PAK vs SA: T20 ਵਿਸ਼ਵ ਕੱਪ 2022 ਦੇ ਆਪਣੇ ਚੌਥੇ ਮੈਚ ਵਿੱਚ, ਪਾਕਿਸਤਾਨ ਨੇ ਦੱਖਣੀ ਅਫ਼ਰੀਕਾ ਵਿਰੁੱਧ ਜਿੱਤ ਦਰਜ ਕੀਤੀ ਹੈ। ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਪਾਕਿਸਤਾਨ ਨੇ ਡਕਵਰਥ ਲੁਈਸ ਨਿਯਮ ਦੇ ਆਧਾਰ 'ਤੇ 33 ਦੌੜਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 185 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਸਕੋਰ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੌਂ ਓਵਰ ਹੀ ਬੱਲੇਬਾਜ਼ੀ ਕਰ ਸਕੀ ਸੀ ਕਿ ਮੀਂਹ ਆ ਗਿਆ। ਮੀਂਹ ਕਾਰਨ ਮੈਚ ਨੂੰ 14 ਓਵਰਾਂ ਦਾ ਕਰ ਦਿੱਤਾ ਗਿਆ ਅਤੇ ਦੱਖਣੀ ਅਫਰੀਕਾ ਨੂੰ 30 ਗੇਂਦਾਂ ਵਿੱਚ 73 ਦੌੜਾਂ ਬਣਾਉਣੀਆਂ ਸਨ।


ਸ਼ੁਰੂਆਤੀ ਝਟਕਿਆਂ ਤੋਂ ਉਭਰਦੇ ਹੋਏ ਪਾਕਿਸਤਾਨ ਨੇ ਵੱਡਾ ਸਕੋਰ ਬਣਾਇਆ


ਪਾਕਿਸਤਾਨ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਉਸ ਨੇ 43 ਦੌੜਾਂ 'ਤੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ। ਇਫਤਿਖਾਰ ਅਹਿਮਦ ਅਤੇ ਮੁਹੰਮਦ ਨਵਾਜ਼ ਨੇ ਪੰਜਵੀਂ ਵਿਕਟ ਲਈ 52 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਨਵਾਜ਼ 22 ਗੇਂਦਾਂ 'ਤੇ 28 ਦੌੜਾਂ ਬਣਾ ਕੇ 13ਵੇਂ ਓਵਰ ਦੀ ਆਖਰੀ ਗੇਂਦ 'ਤੇ ਆਊਟ ਹੋ ਗਏ। ਨਵਾਜ਼ ਦੇ ਆਊਟ ਹੋਣ ਤੋਂ ਬਾਅਦ ਇਫਤਿਖਾਰ ਨੂੰ ਸ਼ਾਦਾਬ ਖ਼ਾਨ ਦਾ ਚੰਗਾ ਸਾਥ ਮਿਲਿਆ। ਸ਼ਾਦਾਬ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 20 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦੋਵਾਂ ਵਿਚਾਲੇ 36 ਗੇਂਦਾਂ 'ਚ 82 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਹੋਈ। ਸ਼ਾਦਾਬ 22 ਗੇਂਦਾਂ ਵਿੱਚ 52 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਇਫਤਿਖਾਰ ਵੀ 34 ਗੇਂਦਾਂ 'ਚ 51 ਦੌੜਾਂ ਬਣਾ ਕੇ ਆਊਟ ਹੋ ਗਏ।


ਪਾਕਿਸਤਾਨੀ ਗੇਂਦਬਾਜ਼ਾਂ ਦੇ ਸਾਹਮਣੇ ਮੁਸੀਬਤ 'ਚ ਨਜ਼ਰ ਆਏ ਦੱਖਣੀ ਅਫਰੀਕਾ ਦੇ ਬੱਲੇਬਾਜ਼


ਸਕੋਰ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ 16 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਕਪਤਾਨ ਤੇਂਬਾ ਬਾਵੁਮਾ ਨੇ ਲੰਬੇ ਸਮੇਂ ਬਾਅਦ ਚੰਗਾ ਪ੍ਰਦਰਸ਼ਨ ਕੀਤਾ ਅਤੇ 19 ਗੇਂਦਾਂ 'ਤੇ 36 ਦੌੜਾਂ ਦੀ ਤੇਜ਼ ਪਾਰੀ ਖੇਡੀ। ਬਾਵੁਮਾ ਨੇ ਏਡਨ ਮਾਰਕਰਮ (20) ਨਾਲ ਤੀਜੇ ਵਿਕਟ ਲਈ 49 ਦੌੜਾਂ ਦੀ ਸਾਂਝੇਦਾਰੀ ਕੀਤੀ। ਅੱਠਵੇਂ ਓਵਰ ਵਿੱਚ ਸ਼ਾਦਾਬ ਨੇ ਤਿੰਨ ਗੇਂਦਾਂ ਦੇ ਅੰਦਰ ਹੀ ਦੋਵਾਂ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਕੇ ਪਾਕਿਸਤਾਨ ਨੂੰ ਕਾਫੀ ਮਜ਼ਬੂਤ ​​ਸਥਿਤੀ ਵਿੱਚ ਪਹੁੰਚਾ ਦਿੱਤਾ। ਜਦੋਂ ਮੈਚ ਦੁਬਾਰਾ ਸ਼ੁਰੂ ਹੋਇਆ ਤਾਂ ਦੱਖਣੀ ਅਫਰੀਕਾ ਨੂੰ ਪੰਜ ਓਵਰਾਂ ਵਿੱਚ 73 ਦੌੜਾਂ ਬਣਾਉਣੀਆਂ ਸਨ। ਪਾਕਿਸਤਾਨੀ ਗੇਂਦਬਾਜ਼ਾਂ ਦੀ ਸਟੀਕ ਗੇਂਦਬਾਜ਼ੀ ਦੇ ਸਾਹਮਣੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਟੀਚੇ ਦੇ ਨੇੜੇ ਨਹੀਂ ਪਹੁੰਚ ਸਕੇ।